ਕਹਾਣੀ
ਭਾਗ ਦੂਜਾ
ਰਨੀਮੇਡ ਦੀਆਂ ਲੈਟਾਂ ਤੇ ਖੜ੍ਹੇ ਮੇਰੇ ਮੂੰਹ ਦਾ ਸੁਆਦ ਮਿੱਠਾ ਮਿੱਠਾ ਹੋ ਗਿਆ। ਪ੍ਰਿੰਸੀਪਲ ਦੇ ਆਏ ਫੋਨ ਨੂੰ ਯਾਦ ਕਰਦਿਆਂ ਹੀ ਮੈਂ ਕਾਰ ਤੋਰ ਲਈ। ਰੈੱਡ ਲੈਟਾਂ ਕਰਾਸ ਕਰਦਿਆਂ ਹੀ ਇੱਕ ਭੂੰਡ ਜਿਹਾ ਮੇਰੇ ਪਿੱਛੇ ਲੱਗ ਗਿਆ।
"ਸਰ ਮੈਂ ਬਹੁਤ ਟਰਬਲ ਵਿਚ ਹਾਂ।"
" ਆਈ ਨੀਡ ਯੁਅਰ ਲਾਇੰਸੈਂਸ, ਇੰਨਸ਼ੋਰੈਂਸ ਐਂਡ ਓਨਰਸ਼ਿਪ ਪਲੀਜ਼।" ਨਿਰਦਈ ਭੂੰਡ ਦੇ ਵਿਹਾਰ ਨੇ ਦਰਸਾ ਦਿੱਤਾ ਕਿ ਉਸਨੂੰ ਮੇਰੀ ਟਰਬਲ ਨਾਲ ਕੋਈ ਵਾਸਤਾ ਨਹੀ। ਮੈਂ ਗੁੱਸੇ ਵਿਚ ਕਹਿਣਾ ਚਾਹਿਆ ਕਿ ਸਰ ਜੀ ਤੁਹਾਡੀ ਕੈਪ ਕਿੱਥੇ ਹੈ ਪਰ ਮੈਂ ਚੁੱਪ ਹੀ ਰਿਹਾ। ਸਪਾਟਾ ਕੰਮਪਿਊਟਰ ਤੇ ਮੇਰਾ ਰੈਕਰਡ ਚੈੱਕ ਕਰ ਰਿਹਾ ਸੀ ਤੇ ਮੇਰੇ ਦਿਮਾਗ਼ ਦਾ ਕੰਮਪਿਊਟਰ ਨਵੀ ਬਾਰੇ ਸੋਚ ਰਿਹਾ ਸੀ। ਲਗਦੈ ਅੱਜ ਮੈ ਸਵੇਰੇ ਮੂਲ-ਮੰਤਰ ਪੜ੍ਹਨਾ ਭੁੱਲ ਗਿਆ ਸੀ। ਟਿਕਟ ਲੈਕੇ ਮੈਂ ਕਾਰ ਤੋਰ ਲਈ। ਮੇਰਾ ਧਿਆਨ ਨਵੀ ਵਲੋਂ ਹਟਕੇ ਟਿਕਟ ਵੱਲ ਹੋ ਗਿਆ। ਛੇ ਪੁਵਾਇੰਟ ਅੱਗੇ ਹੀ ਗਵਾ ਚੁੱਕਾ ਸੀ, ਜੁਰਮਾਨਾ ਵੱਖਰਾ। ਪਿਛਲੀ ਵਾਰ ਵੀ ਮੈ ਭਿਖਾਰੀਆਂ ਵਾਂਗ ਯਈਂ ਯਈਂ ਕਰਕੇ ਜੱਜ ਕੋਲੋਂ ਜੁਰਮਾਨਾ ਮਾਫ਼ ਕਰਵਾਇਆ ਸੀ। ਹੁਣ ਫੇਰ ਕਹਿਣਾ ਪਵੇਗਾ, ਉਹ ਤੇ ਜੱਜ ਚੰਗਾ ਮੰਨ ਜਾਂਦਾ ਪਰ ਮੇਰਾ ਆਪਣਾ ਖ਼ੂਨ ਨਵੀ ਨਹੀਂ ਮੰਨਦਾ। ਮੈਂ ਗੁੱਸੇ ਹੋਕੇ ਵੀ ਵੇਖ ਲਿਆ, ਪਿਆਰ ਨਾਲ ਵੀ ਸਮਝਾ ਲਿਆ। ਹੁਣ ਤੇ ਲਗਦੈ ਇਹਦੇ ਗਿੱਟੇ ਹੀ ਤੋੜਨੇ ਪੈਣਗੇ। ਐਹ ਕੋਈ ਉਮਰ ਹੈ ਮਸੀਂ ਪੰਦਰਾਂ ਸਾਲ ਤੇ ਮੇਰੀ ਨਾਨੀ ਚੇਤੇ ਕਰਵਾ ਦਿੱਤੀ। ਨਾਨੀ ਤੋਂ ਚੇਤਾ ਆਇਆ ਮੈਂ ਵੀ ਉਦੋਂ ਪੰਦਰਾਂ ਦਾ ਹੀ ਸੀ। ਜੇ ਨਾਨੀ ਨਾਂ ਬਚਾਉਂਦੀ ਤਾਂ ਮੇਰੀ ਖ਼ੈਰ ਨਹੀਂ ਸੀ। ਬੀਬੀ ਤਾਂ ਇਹੋ ਕਹੀ ਜਾਂਦੀ ਸੀ ਅਜੇ ਜੰਮ ਤਾਂ ਲੈ। ਹੁਣ ਤੇ ਸਰੋਜ ਵੀ ਬੁੱਢੀ ਹੋ ਗਈ ਹੋਣੀ ਹੈ।
ਮੈਂ ਕਾਰ 'ਕਾਫੀ ਟਾਈਮ' ਅੱਗੇ ਰੋਕ ਲਈ। ਸਕੂਲ ਜਾਣ ਨੂੰ ਮੇਰਾ ਮੰਨ ਨਹੀਂ ਸੀ ਮੰਨਦਾ ਪਰ ਜਾਣਾ ਤੇ ਪੈਣਾ ਸੀ। ਨਵੀ ਅਲਕੋਹਲ ਦੇ ਅਸਰ ਥੱਲੇ ਸਕੂਲ ਸੀ ਤੇ ਮੈਨੂੰ ਕੋਈ ਫਿਕਰ ਨਹੀਂ ਲਗਦਾ ਸੀ। ਫਿਕਰ ਤਾਂ ਸੀ ਪਰ ਮੈਂ ਕਰਾਂ ਕੀ?ਹੋਰ ਹੀ ਫਿਕਰ ਨਹੀਂ ਮੁੱਕਦੇ।ਆ ਟਿਕਟ ਵੱਲ ਹੀ ਧਿਆਨ ਮਾਰਾਂ ਤਾਂ ਵੀਕ ਦਾ ਚੈੱਕ ਗਿਆ। ਮੈਂ 'ਕਾਫੀ ਟਾਈਮ' ਤੋਂ ਟਰਿਪਲ ਟਰਿਪਲ ਮੀਡੀਅਮ ਲਈ ਤੇ ਜੇਬੇ ਵਿਚੋਂ ਪੁੜੀ ਕਢਕੇ ਪੱਤਿਆਂ ਦਾ ਫੱਕਾ ਮਾਰਿਆ। ਐਤਕੀਂ ਸ਼ੂਗਰ ਘੱਟ ਪਈ ਲਗਦੀ ਸੀ। ਕਾਫੀ ਦਾ ਗਰਮ ਗਰਮ ਸੁੜਾਕਾ ਮਾਰਿਆ। ਸੰਨ ਪੇਪਰ ਵੇਖਕੇ ਮੈਂ ਉੱਥੇ ਹੀ ਕੁਰਸੀ ਤੇ ਬੈਠ ਗਿਆ। ਤੀਸਰਾ ਵਰਕਾ ਪਲਟ ਲਿਆ। 'ਵਾਹ ਕਿਆ ਬਾਤ ਹੈ'। ਪੂਰਾ ਨਜ਼ਾਰਾ ਲੈਣ ਲਈ ਮੈਂ ਐਨਕ ਕੱਢ ਲਈ। ਦੋਵਾਂ ਹੱਥਾਂ ਨਾਲ ਗਲਾਸੀ ਘੁੱਟ ਕੇ ਫੜਦਿਆਂ ਇੱਕ ਤਕੜਾ ਘੁੱਟ ਇਕੋ ਸਾਹੇ ਪੀ ਗਿਆ। ਕੱਪ ਥੱਲੇ ਰੱਖਕੇ ਮੈ ਤੀਸਰੇ ਪੇਜ਼ ਨੂੰ ਸਾਈਡ ਵੱਲ ਰੱਖਕੇ ਪੰਜਤਾਲੀ ਡਿਗਰੀ ਦੇ ਕੋਣ ਤੋਂ ਨਿਹਾਰ ਰਿਹਾ ਸੀ ਕਿ ਅਚਾਨਕ ਸੈੱਲ ਦੀ ਘੰਟੀ ਖੜਕ ਪਈ। ਮੈਂ ਪਰੀ ਤੋਂ ਧਿਆਨ ਹਟਾਕੇ ਫੋਨ ਚੁੱਕਿਆ। ਪ੍ਰਿੰਸੀਪਲ ਪੁੱਛ ਰਿਹਾ ਸੀ ਕਿ ਮੈ ਕਦੋਂ ਆ ਰਿਹਾ ਹਾਂ? ਜੇ ਨਹੀ ਆ ਰਿਹਾ ਤਾਂ ਉਹ ਮਿਸਜ਼ ਮਨੂ ਰੰਧਾਵਾ ਨੂੰ ਫੋਨ ਕਰਨ।
ਇਹ ਧਮਕੀ ਸੀ ਜਾਂ ਅਹਿਸਾਸ ਕਰਵਾਉਂਣ ਦਾ ਤਰੀਕਾ। ਮੈਂ ਸਨਸ਼ਾਈਨ ਨੂੰ ਵਿਚੇ ਹੀ ਛੱਡਕੇ ਬਾਹਰ ਵੱਲ ਤੁਰ ਪਿਆ। ਇਹ ਦੁਨੀਆਂ ਵੀ ਜੀਣ ਨਹੀਂ ਦਿੰਦੀ। ਕਿਤਨੀ ਸੋਹਣੀ ਨੱਢੀ ਸੀ, ਸਾਲੇ ਦੋ ਮਿੰਟ ਦੇਖਣ ਵੀ ਨਹੀਂ ਦਿੰਦੇ।
"ਕੰਮ, ਕੰਮ ਮਿਸਟਰ ਰੰਨ ਧਾਵਾ।" ਪ੍ਰਿੰਸੀਪਲ ਨੇ ਫਿਕਰ ਤੇ ਮੁਸਕਰਾਹਟ ਦੇ ਸਾਂਝੇ ਜਿਹੇ ਇਸ਼ਾਰੇ ਨਾਲ ਮੈਨੂੰ ਆਫ਼ਿਸ ਵੱਲ ਤੁਰਨ ਦਾ ਸੰਕੇਤ ਕੀਤਾ। ਮੈਂ ਆਪਣੇ ਨਾਮ ਦੇ ਐਕਸੈਂਟ ਨਾਲ ਅਜੀਬ ਜਿਹਾ ਬੁਖਾਰ ਮਹਿਸੂਸ ਕੀਤਾ।
ਨਵੀ ਲਾਲ ਅੱਖਾਂ ਨਾਲ ਡਰਿਆ ਜਿਹਾ ਬੈਠਾ ਸੀ। "ਨਵੀ ਇਜ਼ ਅੰਡਰ ਇਨਫਲੂਐਂਸ ਔਫ ਅਲਕੋਹਲ, ਮਿਸਟਰ ਰੰਨ ਧਾਵਾ। ਮੈਂ ਇਸਨੂੰ ਕਲਾਸ ਵਿਚ ਨਹੀਂ ਭੇਜ ਸਕਦਾ। ਪਲੀਜ਼ ਟੇਕ ਹਿਮ ਹੋਮ। ਸਟੇਅ ਹੋਮ ਫਾਰ ਥਰੀ ਡੇਅਜ਼।"
"ਸਰ ਮੇਰਾ ਨਾਮ ਠੀਕ ਲਿਆ ਕਰੋ ਇਹ ਰੰਨ ਧਾਵਾ ਕੀ ਹੋਇਆ?" ਮੈਨੂੰ ਨਵੀ ਨਾਲੋਂ ਜ਼ਿਆਦਾ ਇਸ ਚੀਜ਼ ਦੀ ਸ਼ਰਮ ਮਾਰਦੀ ਸੀ ਕਿ ਇਹ ਮੈਨੂੰ ਕਹੀ ਕੀ ਜਾਂਦਾ ਹੈ।
"ਆਈ ਐਮ ਸੌਰੀ ਮਿਸਟਰ....ਪਰ ਜੇ ਇਹ ਦੱਸ ਦੇਵੇ ਕਿ ਅਲਕੋਹਲ ਇਹਨਾਂ ਨੂੰ ਕੀਹਨੇ ਦਿੱਤੀ ਹੈ ਤਾਂ ਇਸਦੀ ਸਸਪੈਂਨਸ਼ਨ ਸਿਰਫ ਅੱਜ ਦੀ ਹੋਵੇਗੀ, ਕਲ ਤੋਂ ਇਹ ਸਕੂਲ ਆ ਸਕਦਾ ਹੈ।"
ਨਵੀ ਨੇ ਆਪਣਾ ਬੈਗ-ਪੈਕ ਚੁੱਕ ਲਿਆ ਤੇ ਬੋਲਿਆ, " ਸੀ ਯੂ ਔਨ ਟੀਊਜ਼ਡੇ ਮਿਸਟਰ ਸਿੰਪਸਨ।"
"ਹੈਵ ਫਨ।" ਪ੍ਰਿੰਸੀਪਲ ਨੇ ਖੜ੍ਹੇ ਹੋਕੇ ਕਿਹਾ। ਉਸਦੇ 'ਹੈਵ ਫਨ' ਕਹਿਣ ਵਿਚ ਤਨਜ਼ ਸੀ ਜਾਂ ਕੁਝ ਹੋਰ ਮੈਂ ਸਮਝ ਨਹੀਂ ਸਕਿਆ। ਫੱਕੇ ਪੱਤੇ ਆਪਣਾ ਰੰਗ ਦਿਖਾ ਰਹੇ ਸਨ। ਪੱਤਿਆਂ ਨਾਲ ਹਮੇਸ਼ਾਂ ਮੇਰੇ ਵਿਚ ਹਲੀਮੀ ਆਉਂਦੀ ਸੀ ਪਰ ਅੱਜ ਉਸਦਾ ਰੰਨ ਧਾਵਾ ਕਹਿਣਾ ਮੈਨੂੰ ਕੁਝ ਜ਼ਿਆਦਾ ਹੀ ਚੂੰਡ ਰਿਹਾ ਸੀ।
"ਸਰ ਜੀ ਇੱਕ ਗੱਲ ਤਾਂ ਪੱਕੀ ਹੈ ਕਿ ਸਾਡੇ ਰੰਧਾਵੇ ਜੱਟ ਸਰਦਾਰਾਂ ਵਿਚ ਮੁਖ਼ਬਰੀ ਲਈ ਕੋਈ ਥੈਂ ਨਹੀਂ। ਨਿਆਣੇ ਨੇ ਦਾਰੂ ਪੀਤੀ ਹੈ, ਗਲਤ ਗੱਲ ਕੀਤੀ ਪਰ ਤੁਸੀਂ ਮੁਖ਼ਬਰੀ ਲਈ ਨਾਂਹੀ ਆਖੋ ਤਾਂ ਚੰਗਾ।"
ਮਿਸਟਰ ਸਿੰਪਸਨ ਨੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਪਰ ਸਾਡੇ ਤੁਰਦਿਆਂ ਨੂੰ ਕਹਿਣ ਲੱਗਾ, " ਮਿਸਟਰ ਰੰਨ ਧਾਵਾ ਮੈਂ ਨਵੀ ਦੇ ਸੋਸ਼ਲ ਵਰਕਰ ਨੂੰ ਫਰਾਈਡੇ ਤੁਹਾਡੇ ਘਰ ਭੇਜਾਂਗਾ। ਕਰਿਸ ਆਉਂਣ ਤੋਂ ਪਹਿਲਾਂ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲਵੇਗਾ।"
ਤੇ ਅਗਲੇ ਦਿਨ ਮਨੂ ਵਡੇ ਨੂੰ ਲੈਕੇ ਮੇਰੀ ਟਫ ਜਿਹੀ ਡਿਊਟੀ ਲਾਕੇ ਸਟੋਰਾਂ ਨੂੰ ਚਲੇ ਗਈ। ਨਵੀ ਕੋਲ ਜਾਣ ਤੋਂ ਪਹਿਲਾਂ ਮੈ ਕੁਝ ਸੋਚਿਆ ਤੇ ਫਿਰ ਮੇਰਾ ਰੋਣਾ ਨਿਕਲ ਗਿਆ। ਪਤਾ ਨਹੀ ਮੈਂ ਫੱਕਿਆਂ ਨਾਲ ਕਈ ਵਾਰ ਜ਼ਿਆਦਾ ਹੀ ਜਜ਼ਬਾਤੀ ਹੋ ਜਾਂਦਾ ਹਾਂ। ਮੈਂ ਨਵੀ ਦੇ ਕਮਰੇ ਵਿਚ ਗਿਆ। ਉਹ ਘੂਕ ਸੁੱਤਾ ਪਿਆ ਸੀ। ਟੀ.ਵੀ, ਕੰਮਪਿਊਟਰ, ਮਿਊਜ਼ਿਕ ਸਭ ਕੁਝ ਔਂਨ ਸੀ। ਉਸਨੂੰ ਜਗਾਉਣ ਦਾ ਹੌਂਸਲਾ ਨਾ ਪਿਆ। ਕੱਲ ਦੇ ਹਾਦਸੇ ਦਾ ਉਸਨੂੰ ਭੋਰਾ ਵੀ ਅਫ਼ਸੋਸ ਨਹੀਂ ਸੀ। ਪ੍ਰਿੰਸੀਪਲ ਨੇ ਵੀ ਕਿਹਾ ਸੀ, 'ਜਸਟ ਟੇਕ ਇਟ ਇਜ਼ੀ, ਇਸ ਉਮਰ ਵਿਚ ਇਹ ਨਾਰਮਲ ਹੈ"। ਮੈਂ ਗੁੱਸੇ ਤੇ ਫਿਕਰ ਵਿਚ ਫਿਰ ਥੱਲੇ ਆ ਗਿਆ। ਸੋਚ ਰਿਹਾ ਸੀ, ਗੱਲ ਛੇੜਾਂ ਜਾਂ ਨਾ। ਇਹ ਮੇਰੀ ਗੱਲ ਨਹੀਂ ਸਮਝਦਾ। ਮੇਰੇ ਕੋਲੋਂ ਡਰਦਾ ਵੀ ਨਹੀਂ। ਅਸਲ ਵਿਚ ਮੇਰੇ ਕੋਲੋਂ ਤਾਂ ਕੋਈ ਵੀ ਨਹੀਂ ਡਰਦਾ ਤੇ ਮੈਂ ਸਾਰਿਆਂ ਕੋਲੋਂ ਡਰਦਾ ਹਾਂ। ਮੈਂ ਕਿਹੋ ਜਿਹਾ 'ਡਰਨਾ' ਹਾਂ। ਗੱਲ ਤਾਂ ਕਰਨੀ ਹੀ ਪੈਣੀ ਹੈ। ਕੀਤਾ ਕਰਾਇਆ ਤਾਂ ਕੁਝ ਵੀ ਨਹੀਂ ਮਿਲਦਾ। ਮੈਂ ਪਲ ਭਰ ਲਈ ਸੋਫੇ ਤੇ ਬੈਠ ਗਿਆ ਤੇ ਸੋਚਣ ਲੱਗਾ। ਸੋਚਦਿਆਂ ਇੱਕ ਗੱਲ ਮੇਰੇ ਜ਼ਹਿਨ ਵਿਚ ਆਈ ਕਿ ਕਿਸੇ ਨੇ ਕਿਹਾ ਸੀ ਕਿ ਬੱਚੇ ਨੂੰ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਕਿਤੇ ਗੁੱਸੇ ਵਿਚ ਤੇ ਨਹੀ ਹੋ? ਜੇ ਗੁੱਸੇ ਵਿਚ ਹੋ ਤਾਂ ਤੁਸੀਂ ਉਸਨੂੰ ਸੁਧਾਰ ਨਹੀਂ ਰਹੇ ਬਲਕਿ ਆਪਣੇ ਤਕੜੇ ਹੋਣ ਦਾ ਭਰਮ ਪਾਲ ਰਹੇ ਹੋ। ਨਹੀਂ,ਨਹੀੰ, ਇਹ ਗੱਲ ਨਹੀਂ ਹੈ। ਮੈਂ ਆਪਣੀ ਸੋਚ ਨੂੰ ਕਟਦਿਆਂ ਡੂੰਘਾ ਉਤਰਨਾ ਚਾਹਿਆ। ਫੋਨ ਦੀ ਘੰਟੀ ਨੇ ਬਿਰਤੀ ਤੋੜੀ। ਮੈਂ ਫੋਨ ਚੁੱਕਿਆ ਤਾਂ ਕੋਈ ਡਕਟ ਕਲੀਨ ਕਰਨ ਵਾਲਾ ਸੀ। ਮੈਂ ਉਸਨੂੰ ਤਾਂ ਜੁਆਬ ਦੇ ਦਿੱਤਾ ਪਰ ਡਕਟ ਕਲੀਨ ਕਰਨ ਵਾਲੀ ਗੱਲ ਨੂੰ ਲੈਕੇ ਬੈਠ ਗਿਆ। ਵੱਡੀਆਂ ਮਸ਼ੀਨਾਂ ਨਾਲ ਵੈਕਿਊਮ ਕਰਕੇ ਸਾਰਾ ਗੰਦ ਬਾਹਰ ਕੱਢ ਲਵੋ। ਮੈਨੂੰ ਜਿਵੇਂ ਕਿਸੇ ਰੌਸ਼ਨੀ ਦੀ ਕਿਰਨ ਦਿਖਾਈ ਦਿੱਤੀ ਹੋਵੇ। ਕਿਉਂ ਨਾ ਮੈਂ ਵੀ ਨਵੀ ਦੇ ਡਕਟਾਂ 'ਚੋਂ ਗੰਦ ਕੱਢਣ ਦੀ ਕੋਸ਼ਿਸ਼ ਕਰਾਂ? ਪਰ ਕਿਸਤਰ੍ਹਾਂ? ਇਹ ਤੇ ਸੋਚਣਾ ਪਵੇਗਾ। ਫੋਨ ਦੀ ਘੰਟੀ ਫਿਰ ਖੜਕੀ। ਇਸ ਵਾਰ ਮਨੂ ਸੀ। ਡਿਸਪਲੇਅ ਤੇ ਉਹਦਾ ਨੰਬਰ ਵੇਖਕੇ ਹੀ ਮੈਨੂੰ ਖਿਝ ਆਈ।
"ਕੀ ਬਣਿਆ?" ਉਹ ਪੁੱਛ ਰਹੀ ਸੀ। ਉਹ ਤੇ ਇਸ ਤਰ੍ਹਾਂ ਪੁੱਛ ਰਹੀ ਸੀ ਜਿਵੇਂ ਮੈਂ ਕੋਈ ਓਪਰੇਸ਼ਨ ਕਰ ਰਿਹਾ ਹੋਵਾਂ ਤੇ ਲਾਲ ਬੱਤੀ ਬੁਝਾ ਕੇ ਕਹਾਂ ਵਧਾਈ ਹੋਵੇ ਓਪਰੇਸ਼ਨ ਸਫਲ ਰਿਹਾ, ਮਰੀਜ਼ ਖ਼ਤਰੇ ਤੋਂ ਬਾਹਰ ਹੈ। ਮੈਂ ਇਤਨਾ ਹੀ ਕਿਹਾ, "ਤੇਰੇ ਪਾਏ ਸਿਆਪੇ ਇਤਨੀ ਜਲਦੀ ਕਿਦਾਂ ਖ਼ਤਮ ਹੋਣਗੇ।" ਮੈਂ ਉਸਦੀ 'ਮੈਂ ਕੀ ਕੀਤਾ, ਮੈਂ ਕੀ ਕੀਤਾ' ਸੁਣਨ ਤੋਂ ਪਹਿਲਾਂ ਹੀ ਫੋਨ ਬੰਦ ਕਰ ਦਿੱਤਾ।
ਮੇਰੇ ਕੋਲ ਗੁਆਉਣ ਲਈ ਤਾਂ ਕੁਝ ਵੀ ਨਹੀਂ ਸੀ ਫਿਰ ਮੈਂ ਡਰ ਕਿਉਂ ਰਿਹਾ ਹਾਂ? ਉਹ ਵੀ ਆਪਣੇ ਮੁੰਡੇ ਕੋਲੋਂ। ਮੈਂ ਸੋਚਿਆ ਕਿਉਂ ਨਾ ਇਸਨੂੰ ਇਤਿਹਾਸਕ ਤੇ ਸਮਾਜਿਕ ਪ੍ਰੇਰਨਾ ਦਿੱਤੀ ਜਾਵੇ। ਨਹੀਂ ਇਹ ਤੇ ਹੈਵੀ ਡੋਜ਼ ਹੋ ਜਾਇਗੀ। ਪਿਆਰ ਨਾਲ ਨੱਥ ਪਾਈ ਜਾਵੇ। ਪਰ ਕਿੱਥੇ, ਪਿਆਰ ਨਾਲ ਇਹ ਵਿਗੜੀਆਂ ਸ਼ੈਵਾਂ ਕਿੱਥੇ ਕਾਬੂ ਆਉਂਦੀਆਂ ਹਨ। ਜੇ ਮੇਰੀ ਹੀ ਗੱਲ ਨਹੀਂ ਸੁਣਦਾ ਸੋਸ਼ਲ-ਵਰਕਰ ਦੀ ਕੀ ਸੁਣੇਗਾ? ਜਕੋ-ਤੱਕੀ ਵਿਚ ਮੈਂ ਬਿਨ੍ਹਾਂ ਕਿਸੇ ਫੈਸਲੇ ਨੂੰ ਪੱਲੇ ਬੰਨਿਆਂ ਨਵੀ ਨੂੰ ਹੁੱਝ ਮਾਰ ਕੇ ਉਠਾ ਲਿਆ। ਜਦੋਂ ਉਹ ਜਾਗਿਆ ਤਾਂ ਉਸਦੀਆਂ ਅੱਖਾਂ ਲਾਲ ਸਨ।
"ਵਟ ਡੈਡ"
"ਵਟ ਡੈਡ ਦੇ ਲਗਦਿਆ, ਥੱਲੇ ਆ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ।" ਮੇਰੇ ਅੰਦਰਲੇ ਬਜ਼ੁਰਗਾਂ ਨੇ ਲਲਕਾਰ ਕੇ ਕਿਹਾ।
"ਲੇਟਰ ਡੈਡ" ਨਵੀ ਦੇ ਸਕੂਲ ਨੇ ਜੁਆਬ ਦਿੱਤਾ।
"ਨਾਓ, ਨੌਟ 'ਲੇਟਰ ਡੈਡ' ਦੇ ਲਗਦਿਆ।" ਕਹਿ ਕੇ ਮੈਂ ਦਾਦਾਗਿਰੀ ਤੇ ਉਤਰ ਆਇਆ। ਮੇਰੇ ਪਿੱਛੇ ਪਿੱਛੇ ਉਤਰਦਾ ਨਵੀ ਮੇਰੇ ਸਾਹਮਣੇ ਲਵ ਸੀਟ ਤੇ ਬੈਠ ਗਿਆ। ਉਸਦੀਆਂ ਅੱਖਾਂ ਨੇ ਸੁਆਲ ਕੀਤਾ ਪਰ ਮੈਨੂੰ ਅਜੇ ਕੁਝ ਸੁਝ ਨਹੀਂ ਰਿਹਾ ਸੀ। ਮੈਂ ਕਹਿੰਣਾ ਚਾਹੁੰਦਾ ਸੀ ਕਿ ਨਹਿਰੂ ਤੇਰੀ ਉਮਰ ਵਿਚ ਕਲਾਸ ਵਿਚੋਂ ਫਸਟ ਆਉਂਦਾ ਸੀ ਪਰ ਕਿਹਾ ਨਹੀਂ ਕਿਉਂਕਿ ਇਸਦਾ ਜੁਆਬ ਵੀ ਮੈਨੂੰ ਪਤਾ ਸੀ।
"ਦੇਖ ਨਵੀ ਬੇਟੇ ਆਪਾਂ ਗੋਰੇ ਨਹੀਂ ਹਾਂ। ਆਪਾਂ ਨੂੰ ਸ਼ੋਭਾ ਨਹੀਂ ਦਿੰਦਾ।" ਇਸਤੋਂ ਬਾਦ ਮੈਂ ਲਗਾਤਾਰ ਉਸਨੂੰ ਗੁਰ-ਇਤਿਹਾਸ,ਸਿੱਖ-ਇਤਿਹਾਸ, ਅਜ਼ਾਦੀ ਦੀ ਲੜਾਈ ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਹਵਾਲੇ ਨਾਲ ਲੈਕਚਰ ਦਿੰਦਾ ਰਿਹਾ ਤੇ ਉਸਦੇ ਮੂੰਹ ਤੇ ਆਏ ਪ੍ਰਤੀਕਰਮ ਵੀ ਪੜ੍ਹਦਾ ਰਿਹਾ। "ਦੇਖ ਸਾਡੀ ਇੱਕ ਪਰੰਮਪਰਾ ਹੈ, ਇੱਕ ਸਭਿਅਤਾ ਹੈ। ਅਸੀਂ ਆਸ਼ਿਆਂ ਦੀ ਸੇਧੇ ਤੁਰਨਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦਾ ਕਰਦਾ ਮੈਂ ਭਾਵੁਕ ਵੀ ਹੋ ਗਿਆ। ਮੇਰਾ ਰੋਣਹਾਕਾ ਮੂੰਹ ਵੇਖਕੇ ਨਵੀ ਜਿਵੇਂ ਭੰਬਲਭੂਸੇ ਵਿਚ ਪੈ ਗਿਆ। ਮੈਂ ਆਪਣੇ ਆਪ ਨੂੰ ਤਕੜਾ ਕੀਤਾ। ਫਿਰ ਮੈਂ ਆਪਣਾ ਜੱਟਾਂ ਦਾ ਇਤਿਹਾਸ ਲੈ ਤੁਰਿਆ। ਡੇਢ ਘੰਟਾ ਬੀਤ ਚੁੱਕਾ ਸੀ। ਫੱਕੇ ਪੱਤੇ, ਮੁਰਝਾ ਗਏ ਸਨ। ਮੈਂ ਨਵੀ ਤੇ ਹੋਏ ਅਸਰ ਦੇਖਣ ਲਈ ਕੁਝ ਰੁਕਿਆ। ਰਸੋਈ ਵਿਚ ਗਿਆ, ਪੱਤਿਆਂ ਦਾ ਇੱਕ ਹੋਰ ਫੱਕਾ ਮਾਰਿਆ ਤੇ ਪਾਣੀ ਦਾ ਗਲਾਸ ਪੀਤਾ। ਨਵੀ ਨੂੰ ਪਾਣੀ ਲਈ ਪੁੱਛਿਆ। ਉਸਨੇ ਨਾਂਹ ਵਿਚ ਸਿਰ ਮਾਰਿਆ। ਮੈਂ ਸੋਚਿਆ ਨਵੀ ਵਾਕਿਆ ਹੀ ਮੇਰੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਲੋਹਾ ਗਰਮ ਸੀ। ਮੈਂ ਸੱਟ ਮਾਰਨ ਲਈ ਆਪਣੇ ਪਰ ਤੋਲਣ ਲੱਗਾ। ਮੈਂ ਫਿਰ ਸੋਚਿਆ ਕਿਉਂ ਨਾ ਲਗਦੇ ਹੱਥ ਇਸਨੂੰ ਆਪਣੇ ਘਰ ਦੀ ਸਰਦਾਰੀ ਵੀ ਦੱਸ ਦੇਵਾਂ। ਸ਼ਾਇਦ ਇਹ ਸੋਚੇ ਕਿ ਅਸੀਂ ਵਾਕਿਆ ਹੀ ਤੀਰ-ਅੰਦਾਜ਼ ਹਾਂ ਤੇ ਸਾਡਾ ਵਿਹਾਰ ਵੱਖਰਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਸਿੰਪਸਨ ਕਹਿੰਦੈ ਕਿ ਇਹ ਨਾਰਮਲ ਹੈ, ਉਹ ਸਾਡੇ ਲਈ ਨਾਰਮਲ ਨਹੀਂ ਹੈ। ਸਾਡੇ ਸਿਰ ਖਾਨਦਾਨ ਦੀਆਂ ਕੁਝ ਜ਼ਿੰਮੇਵਾਰੀਆਂ ਹਨ ਪਰ ਗੱਲ ਮੇਰੇ ਗਲ਼ੇ ਵਿਚ ਹੀ ਅਟਕ ਗਈ। ਪੱਤੇ ਫਿਰ ਖਿੜ ਉੱਠੇ ਸਨ। ਪੱਤਿਆਂ ਨੇ ਮੇਰੇ ਸਰੀਰ ਦੇ ਸਾਰੇ ਕੋਨਿਆਂ ਤੇ ਹਲੀੰਮੀ ਦੀ ਬਾਰਸ਼ ਕਰ ਦਿੱਤੀ। ਮੇਰੇ ਤੇ ਤਾਰੀ ਹੋਈ ਹਲੀਮੀ ਨੇ,ਨਵੀ ਦਾ ਪੱਖ ਜੋਰ ਨਾਲ ਫੜ ਲਿਆ ਪਰ ਫਿਰ ਵੀ ਹਲੀਮੀ ਨੇ ਪਤਾ ਨਹੀ ਇਹ ਕਿਵੇਂ ਸਮਝ ਲਿਆ ਕਿ ਨਵੀ ਵੀ ਉਹ ਗੱਲ ਸਮਝ ਜਾਏਗਾ ਜੋ ਮੈਂ ਉਸਨੂੰ ਦੱਸਣਾ ਤਾਂ ਚਾਹੁੰਦਾ ਹਾਂ ਪਰ ਇਹ ਵੀ ਚਾਹੁੰਦਾ ਹਾਂ ਕਿ ਉਹ ਸਾਡੇ ਖ਼ਾਨਦਾਨ ਦੀਆਂ ਰਵਾਇਤੀ ਕਦਰਾਂ ਨੂੰ ਨਕਾਰੇ ਨਾ, ਪਰ ਸਮਝੌਤਾ ਕਰਨ ਦੀ ਉਸਨੂੰ ਪੂਰੀ ਖੁਲ ਹੈ। ਪਰ ਸਾਡੇ ਘਰ ਵਿਚ ਤਾਂ ਵਾਇਲੈਂਸ ਹੀ ਬਹੁਤ ਹੈ। ਮਾਰਤਾ ਉਏ,ਭਜਾਤਾ ਉਏ, ਚੁੱਕ ਲਿਆ ਉਏ, ਛੁਡਾ ਲਈ ਉਏ। ਮੈਨੂੰ ਕੋਈ ਵੀ ਚੰਗੀ ਗੱਲ ਔੜ ਹੀ ਨਹੀਂ ਰਹੀ ਸੀ ਜੋ ਅਕਲ ਵਾਲ਼ੀ ਹੋਵੇ। ਵੇਖਿਆ ਜਾਵੇ ਤਾਂ ਨਵੀ ਤਾਂ ਉਹੋ ਕੁਝ ਕਰ ਰਿਹਾ ਸੀ ਜੋ ਅਸੀਂ ਕਰਦੇ ਆ ਰਹੇ ਸਾਂ। ਅਸੀਂ ਤਾਂ ਇਸਨੂੰ ਸਿੱਧੇ ਰਸਤੇ ਪਾਉਣਾ ਹੈ। ਤੇ ਕੀ ਅਸੀਂ ਪੁੱਠੇ ਰਸਤੇ ਸੀ?
ਮੈਂ ਮਸਲੇ ਨੂੰ ਵਖਰੇ ਅੰਦਾਜ਼ ਵਿਚ ਕਰਨ ਲਈ ਜੁਗਤਾਂ ਸੋਚਣ ਲੱਗਾ। ਅਚਾਨਕ ਮੈਨੂੰ ਕੁਝ ਯਾਦ ਆਇਆ। ਮੇਰੇ ਚਿਹਰੇ ਤੇ ਖੇੜਾ ਆ ਗਿਆ। "ਨਵੀ ਦੇਖ ਪਿਛਲੇ ਹਫ਼ਤੇ ਤੈਨੂੰ, ਕਾਲਿਆਂ ਪਤਾ ਕਿਉਂ ਕੁੱਟਿਆ ਸੀ?"
" ਆਈ ਨੋ"
"ਨਹੀਂ ਤੈਨੂੰ ਕੁਝ ਨਹੀਂ ਪਤਾ। ਤੇਰੀ ਸਮਝ ਅਜੇ ਕੱਚੀ ਹੈ। ਥਿੰਕ ਹਾਈ, ਮਾਈ ਸੰਨ ਜਸਟ ਥਿੰਕ ਹਾਈ।"
" ਹਾਓ ਡੈਡ।"
"ਦੇਖ ਤੈਨੂੰ ਕੁੱਟ ਪਈ, ਕਿਉਂਕਿ ਤੂੰ ਭੀੜ ਦਾ ਹਿੱਸਾ ਹੈਂ। ਤੈਨੂੰ ਇਸ ਭੀੜ ਤੋਂ ਉਪਰ ਉੱਠਣ ਦੀ ਲੋੜ ਹੈ। ਉਪਰ ਬਹੁਤ ਥੋੜੇ ਹਨ। ਜਗ੍ਹਾ ਹੀ ਜਗ੍ਹਾ ਹੈ। ਤੂੰ ਕਦੇ ਸੁਣਿਆ ਹੈ ਕਦੇ ਕਿਸੇ ਡਾਕਟਰ ਜਾਂ ਵਕੀਲ ਨੂੰ ਕਿਸੇ ਕੁਟਿਆ ਹੋਵੇ। ਉਹ ਵੀ ਐਵੇਂ ਹੀ। ਹਾਂ ਜੇ ਡਾਕਟਰ ਜਾਂ ਵਕੀਲ ਐਵੇਂ ਪੰਗੇ ਲੈਣ ਫਿਰ ਤਾਂ ਕੁੱਟ ਖਾਊਗਾ ਹੀ ਪਰ ਐਵੇਂ ਕੋਈ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਉਪਰ ਉੱਠ ਗਏ ਹਨ। ਇਸ ਲਈ ਮੈਂ ਤੈਨੂੰ ਸਮਝਾਉਂਦਾ ਹਾਂ 'ਥਿੰਕ ਹਾਈ'। ਬੱਸ ਇਹੋ ਮੌਕਾ ਹੈ ਦੋ ਚਾਰ ਸਾਲ ਪੜ੍ਹ ਲੈ ਫਿਰ ਮੌਜਾਂ ਹੀ ਮੌਜਾਂ ਪਰ ਜੇ ਸਮਾਂ ਗਵਾ ਲਿਆ ਫਿਰ ਪਛਤਾਏਂਗਾ।"
"ਲਾਈਕ ਯੂ ਡੈਡ।"
" ਉਹ ਮੇਰੀ ਗੱਲ ਛੱਡ।" ਮੈਨੂੰ ਗੁੱਸਾ ਆ ਗਿਆ ਤੇ ਮੈਂ ਨਵੀ ਨੂੰ ਝਈ ਲੈ ਕੇ ਪਿਆ। ਮੈਂ ਫਿਰ ਕਿਹਾ, "ਕੀ ਇਹ ਜਰੂਰੀ ਹੈ ਕਿ ਤੂੰ ਵੀ ਉਹੋ ਸਟੋਨ ਲਿਕ ਕਰੇਂ?"
"ਡੈਡ ਐਵੇਂ ਚਵਲਾਂ ਨਾ ਮਾਰੀ ਜਾ। ਇੱਕ ਪਾਸੇ ਤਾਂ ਤੂੰ ਕਹਿੰਨੈ ਕਿ ਥਿੰਕ ਹਾਈ। ਦੂਜੇ ਪਾਸੇ ਸ਼ਿਵਾ ਜੀ ਮਰਹਟਾ ਬਾਰੇ ਦੱਸੀ ਜਾਂਦਾ ਹੈਂ। ਤੀਜੇ ਪਾਸੇ ਚਮਕੌਰ ਦੀ ਗੜ੍ਹੀ ਵਿਚ ਕੀ ਹੋਇਆ ਉਹ ਦੱਸੀ ਜਾਂਦਾ ਹੈਂ, ਚੌਥੇ ਪਾਸੇ ਆਪਣੇ ਖ਼ਾਨਦਾਨ ਦੀਆਂ ਯੱਭਲੀਆਂ ਮਾਰੀ ਜਾਂਦੈ। ਪੰਜਵਾਂ ਆਪਣੇ ਦੋਸਤਾਂ ਨਾਲ ਰਲ ਕੇ ਜੱਥੇਦਾਰਾਂ ਨੂੰ ਕੋਸੀ ਜਾਨੈ। ਕਦੇ ਫਿਰ ਜੱਥੇਦਾਰਾਂ ਵੱਲ ਹੋ ਜਾਨੈ। ਛੇਵਾਂ ਡੋਡੇ ਪੀ ਕੇ ਜਾਂ ਖਾ ਕੇ ਮੈਨੂੰ ਸਮਝਾਉਣ ਤੁਰ ਪੈਂਦਾ ਹੈਂ। ਸਤਵਾਂ ਮੌਮ ਨੂੰ ਮੇਰੇ ਖ਼ਿਲਾਫ਼ ਚੁੱਕਦਾ ਰਹਿੰਦੈ ਨਾਲੇ ਤੂੰ ਉਹਨੂੰ ਵੀ ਡੋਡੇ ਖਾਣ ਲਾ ਦਿੱਤੈ। ਅਠਵਾਂ ਮੈਨੂੰ ਯਾਦ ਨਹੀਂ ਪਰ ਕੁਝ ਹੈ ਜਰੂਰ। ਯੂ ਆਰ ਜਸਟ ਏ ਕੰਨਫਿਊਜ਼ਡ ਪਰਸਨ ਤੇ ਮੈਨੂੰ ਵੀ ਕੰਨਫਿਊਜ਼ ਕਰਦਾ ਰਹਿੰਨੈ।"
ਮੈਂ ਸਿਰ ਫੜ ਕੇ ਬੈਠ ਗਿਆ। ਇਹ ਮੈਂ ਕੀਹਦੇ ਨਾਲ ਪੰਗਾ ਲੈ ਲਿਆ? ਮੈਂ ਚਾਹੁੰਦਾ ਸੀ ਮਨੂ ਜਲਦੀ ਆ ਜਾਵੇ ਤੇ ਮੇਰਾ ਖਹਿੜਾ ਛੁੱਟੇ। ਕੀਤੇ ਕਰਾਏ ਦਾ ਮੈਂ ਹੁਣ ਕੀ ਕਰਨਾ। ਫੋਕੀ ਬਦਨਾਮੀ ਖੱਟਣ ਦਾ ਕੀ ਲਾਭ। ਦੁਧ ਤਾਂ ਉਬਲਕੇ ਭੜੋਲੀ ਵਿਚ ਪੈ ਚੁੱਕਾ ਸੀ। ਹੁਣ ਮੈਂ ਕੀ ਕਰਾਂ?" ਮੈਨੂੰ ਸਿਰ ਸੁਟੀ ਚੁੱਪ ਵੇਖ ਕੇ ਨਵੀ ਬੋਲਿਆ, "ਤੂੰ ਕਦੇ ਪੁੱਛਿਆ, ਕਾਲਿਆਂ ਨਾਲ ਫਾਈਟ ਕਿਉਂ ਹੋਈ। ਮੈਂ ਤੈਨੂੰ ਦੱਸਦਾ ਹਾਂ। ਉਹ ਮੇਰੇ ਕੋਲੋਂ ਮੇਰੀ ਲੰਚ ਮਨੀ ਮੰਗਦੇ ਸੀ। ਜੇ ਮੈਂ ਮਨੀ ਉਹਨਾਂ ਨੂੰ ਦੇ ਦਿੰਦਾ ਤਾਂ ਭੁੱਖੇ ਰਹਿਕੇ ਮੈਂ 'ਥਿੰਕ ਹਾਈ' ਕਾਹਦੇ ਨਾਲ ਕਰਦਾ? ਚਲ ਹੋਰ ਦੱਸ ਜੇ ਮੇਰੀ ਜਗ੍ਹਾ ਤਾਂਤੀਆ ਤੋਪੇ ਹੁੰਦਾ ਮੰਗਲ ਪਾਂਡੇ ਜਾਂ ਝਾਂਸੀ ਦੀ ਰਾਣੀ ਹੁੰਦੀ, ਉਹ ਕੀ ਕਰਦੀ? ਉਹ ਫਾਈਟ ਬੈਕ ਕਰਦੀ ਜਾਂ ਥਿੰਕ ਹਾਈ ਕਰਦੀ?ਉਹ ਡਾਕਟਰ ਤਾਂ ਹੀ ਬਣੂਗੀ ਜੇ ਪੜੂਗੀ ਤੇ ਪੜੂਗੀ ਤਾਂ ਹੀ ਜੇ ਲੰਚ ਕਰੇਗੀ। ਤੂੰ ਵੀ ਬਸ ਖੋਤੇ ਦਾ ਖੋਤਾ ਹੀ ਰਿਹਾ ਜਿਵੇਂ ਮੌਮ ਤੈਨੂੰ ਕਦੇ ਕਦੇ ਕਹਿੰਦੀ ਹੈ। ਦਿਮਾਗ ਤੇਰੇ ਵਿਚ ਭੂਸਾ ਭਰਿਆ ਪਿਆ ਇੰਡੀਆ ਦਾ। ਤੂੰ ਵੈਕਿਊਮ ਕਰਾ ਆਪਣੇ ਸਿਰ ਦਾ।" ਇਤਨੀ ਗੱਲ ਕਹਿਕੇ ਨਵੀ ਹੱਸ ਪਿਆ ਤੇ ਮੇਰਾ ਅੰਦਰ ਲੇਰਾਂ ਮਾਰਨ ਲੱਗ ਪਿਆ।
"ਸ਼ਟ-ਅੱਪ ਜਸਟ ਸ਼ਟ-ਅੱਪ" ਮੈ ਚੀਕ ਪਿਆ। ਨਵੀ ਸਹਿਮਕੇ ਚੁੱਪ ਕਰ ਗਿਆ। ਨਵੀ ਨਿਆਣਾ ਸੀ ਡਰ ਗਿਆ। ਅਜੇ ਤੱਕ ਉਹ ਮੇਰੇ ਤੋਂ ਡਰਦਾ ਸੀ। ਮਾੜੀ ਬੋਲੀ ਉਸਨੇ ਮਨੂ ਤੋਂ ਸਿੱਖ ਲਈ ਸੀ। ਸਾਡਾ ਵਿਰੋਧ ਤਾਂ ਸੀ ਪਰ ਵੈਰ ਨਹੀਂ ਸੀ। ਕਦੇ ਕਦੇ ਨਵੀ ਨੂੰ ਮੇਰੇ ਤੇ ਤਰਸ ਆਉਂਦਾ ਤੇ ਕਦੇ ਮੈਨੂੰ ਨਵੀ ਤੇ ਤਰਸ ਆਉਂਦਾ।ਮੇਰੀ ਜ਼ਿੰਦਗੀ ਦੀ ਟਰੇਨਿੰਗ ਹੀ ਐਸੀ ਸੀ ਕਿ ਮੈਂ ਸਾਰੀ ਦੁਨੀਆਂ ਨੂੰ ਖ਼ੁਸ਼ ਰਖਣਾ ਚਾਹੁੰਦਾ ਸੀ ਫਿਰ ਆਪਣੇ ਨਿਆਣਿਆਂ ਦੀ ਖ਼ੁਸ਼ੀ ਕਿਉਂ ਨਹੀਂ ਚਾਹਾਂਗਾ। ਵਾਧੂ ਖ਼ਰਚ ਕਰਕੇ ਮੈਂ ਨਿਆਣੇ ਵੀ ਵਿਗਾੜ ਲਏ ਸਨ ਪਰ ਉਹ ਜਾਤੀ ਤੌਰ ਤੇ ਮੇਰੇ ਨਾਲ ਜਜ਼ਬਾਤੀ ਸਨ। ਮੈਂ ਕਦੇ ਵੀ ਆਪਣੇ ਕਲਚਰ ਦੀ ਗੱਲ ਕਰਦਾ ਤਾਂ ਉਹ ਖਾਨਾਪੂਰੀ ਕਰ ਕੇ ਮੈਨੂੰ ਖ਼ੁਸ਼ ਰੱਖਦੇ ਪਰ ਸਿਖਦੇ ਕੁਝ ਵੀ ਨਾ। ਇਹ ਸਾਰਾ ਕੁਝ ਜੋ ਨਵੀ ਨੇ ਕਿਹਾ ਸੀ ਇਹ ਮਨੂੰ ਦੇ ਡਾਇਲਾਗ ਹੀ ਦੁਹਰਾਏ ਸਨ।
*****
ਚਲਦਾ
No comments:
Post a Comment