Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਪਹਿਲਾ

ਡਰਨੇ ਦੀ ਮੌਤ
ਕਹਾਣੀ

ਭਾਗ ਪਹਿਲਾ
ਮੈਂ ਕੀ ਕਿਹਾ ਸੀ ਤੈਨੂੰ, ਉਹ ਦੇਖ ਮੇਰਾ ਸਹਿਜ਼ਾਦਾ?" ਮੈਂ ਨਾਲ਼ ਵਾਲੀ ਕੁਰਸੀ ਤੇ ਬੈਠੀ ਸੋਹਣੀ ਕੁੜੀ ਨੂੰ ਕਿਹਾ। ਐਡੀਟੋਰੀਅਮ ਦੀ ਸਟੇਜ ‘ਤੇ ਚੜ੍ਹ ਰਿਹਾ ਸ਼ਹਿਜ਼ਾਦਾ ਮੈਨੂੰ ਇੰਝ ਲੱਗਾ ਜਿਵੇਂ ਉਸਦੇ ਥੱਲੇ ਦੁੱਧ ਚਿੱਟਾ ਘੋੜਾ ਹੋਵੇ, ਸਿਰ ਤੇ ਮੁਕਟ, ਪੈਰਾਂ ਵਿਚ ਸੁਨਿਹਰੀ ਖੁੱਸੇ ਤੇ ਗਲ਼ ਵਿਚ ਟਾਈ। ਇਹ ਵੀ ਚੰਗਾ ਹੋਇਆ, ਇਸਨੇ ਸਵੇਰੇ ਉੱਠ ਕੇ ਸ਼ੇਵ ਕੀਤੀ ਹੈ। ਸਰੀਰ ਤੇ ਵੇਖ ਇਹਦਾ ਜਿਵੇਂ ਰਿਤਿਕ ਹੋਵੇ।" ਮੈਂ ਸੋਹਣੀ ਕੁੜੀ ਨੂੰ ਫਿਰ ਕਿਹਾ। " ਚੰਗਾ ਹੁੰਦਾ ਜੇ ਮੇਰੇ ਆਖੇ ਲੱਗਕੇ ਇਹ ਨਾਭੀ ਪੱਗ ਵੀ ਬੰਨ੍ਹ ਲੈਂਦਾ। ਕਿਤਨੀ ਫੱਬਣੀ ਸੀ ਇਸਨੂੰ ਤੋਤੇ ਰੰਗੀ ਟਾਈ ਤੇ ਸੁਨਿਹਰੀ ਖੁੱਸਿਆਂ ਨਾਲ।" ਮੈਂ ਕੁੜੀ ਵੱਲ ਝਾਕਿਆ। ਉਹ ਮੇਰੇ ਵੱਲ ਧਿਆਨ ਨਹੀਂ ਦੇ ਰਹੀ ਸੀ। ਉਹ ਕਿਸੇ ਸਾਧ ਵਾਂਗ ਸਟੇਜ ਵੱਲ ਹੀ ਸਾਧੀ ਹੋਈ ਸੀ।
"
ਤੇ ਹੁਣ ਆ ਰਹੇ ਹਨ ਅੱਜ ਦੇ ਹੀਰੋ ਮਿਸਟਰ ਰੰਧਾਵਾ। ਜਿਨ੍ਹਾਂ ਨੇ ਯੂਨੀਵਰਸਿਟੀ 'ਚ ਟੌਪ ਕੀਤਾ ਹੈ।" ਇਹ ਵੀ ਚੰਗਾ ਹੋਇਆ ਸਟੇਜ ਤੋਂ ਇਸਦਾ ਸਿਰਫ਼ ਲਾਸਟ ਨਾਮ ਬੋਲਿਆ ਗਿਆ। ਮੈਨੂੰ ਲੱਗਾ ਇਹ ਸੁਆਗਤੀ ਲਫ਼ਜ਼ ਮੇਰੇ ਲਈ ਹਨ।
"
ਹਾਂ ਤੇ ਦੋਸਤੋ ਡਿਗਰੀ ਦੇ ਨਾਲ ਇੱਕ ਖ਼ੁਸ਼ੀ ਹੋਰ ਵੀ ਸਾਂਝੀ ਕਰਨ ਜਾ ਰਹੇ ਹਾਂ ਕਿ ਮਿਸਟਰ ਰੰਧਾਵਾ ਨੂੰ ਜੌਬ ਆਫਰਜ਼ ਦੀਆਂ ਸੱਤ ਪਰਪੋਲਜ਼ ਆਲਰੈਡੀ ਆ ਚੁੱਕੀਆਂ ਹਨ। ਹੁਣ ਫੈਸਲਾ ਮਿਸਟਰ ਰੰਧਾਵਾ ਦੇ ਹੱਥ ਹੈ ਕਿ ਉਹ ਕਿਸ ਕੰਪਨੀ ਨੂੰ ਇਹ ਮਾਣ ਬਖ਼ਸ਼ਦੇ ਹਨ। ਬਹੁਤ ਹੀ ਮਟਕ ਨਾਲ ਚੱਲ ਰਹੇ ਮਿਸਟਰ ਰੰਧਾਵਾ ਸਟੇਜ ਤੋਂ ਹਾਲ ਵਿਚ ਕੁਝ ਲੱਭ ਰਹੇ ਹਨ। ਇਹ ਕੋਈ ਲਗਜ਼ਰੀ ਕਾਰ ਨਹੀਂ ਲੱਭ ਰਹੇ। ਲਗਜ਼ਰੀ ਕਾਰ ਤਾਂ ਸਗੋਂ ਇਹਨਾਂ ਨੂੰ ਲੱਭ ਰਹੀ ਹੋਵੇਗੀ। ਲਗਦਾ ਹੈ ਇਹਨਾਂ ਨੇ ਲੱਭ ਹੀ ਲਿਆ ਹੈ। ਇਹਨਾਂ ਦਾ ਚਿਹਰਾ ਦੱਸ ਰਿਹਾ ਹੈ ਕਿ ਇਹਨਾਂ ਦੀਆਂ ਅੱਖਾਂ ਦੀ ਤਲਾਸ਼ ਸੰਪੂਰਨ ਹੋ ਗਈ ਹੈ। ਮੈਂ ਸਾਫ਼ ਦੇਖ ਰਿਹਾ ਹਾਂ ਜੋ ਤੁਸੀਂ ਨਹੀਂ ਦੇਖ ਸਕਦੇ। ਇਹ ਕੋਈ ਬੁਝਾਰਤ ਨਹੀਂ। ਇਹ ਆਪਣੇ ਡੈਡ ਦੇ ਚਿਹਰੇ ਤੇ ਆਈ ਖ਼ੁਸ਼ੀ ਨੂੰ ਦੇਖ ਰਹੇ ਹਨ। ਹੁਣ ਇਹਨਾਂ ਨੇ ਆਪਣੇ ਡੈਡ ਤੇ ਉਸ ਨਾਲ ਬੈਠੀ ਆਪਣੀ ਮੌਮ ਵੱਲ ਹੱਥ ਹਿਲਾਇਆ ਹੈ ਤੇ ਅੱਗੋਂ ਡੈਡ ਨੇ ਵੀ"
"
ਕੀ ਕਰਦੇ ਹੋ ਸਵੇਰੇ ਸਵੇਰੇ, ਕਿਸਨੂੰ ਹੱਥ ਹਿਲਾ ਰਹੇ ਹੋ?" ਮਨੂ ਚਾਹ ਦਾ ਕੱਪ ਲੈਕੇ ਮੇਰੇ ਬੈੱਡ ਕੋਲ ਖੜ੍ਹੀ ਸੀ। ਸਵੇਰੇ ਉਠਦਿਆਂ ਮੇਰੀ ਪਹਿਲੀ ਲੋੜ ਵੀ ਅੱਜ ਮੈਨੂੰ ਜ਼ਹਿਰ ਲੱਗ ਰਹੀ ਸੀ। ਮੈਂ ਉੱਭੜਵਾਹੇ ਉਠਿਆ। ਚਾਹ ਦਾ ਕੱਪ ਫੜ ਕੇ ਮੈਨੂੰ ਚੇਤਾ ਆਇਆ ਕਿ ਇਹ ਤੇ ਕੋਈ ਸੁਪਨਾ ਸੀ। ਮਿਸਟਰ ਰੰਧਾਵਾ ਤਾਂ ਆਪਣੇ ਕਮਰੇ ਵਿਚ ਟੂਪੈਕ ਦਾ ਮਿਊਜ਼ਿਕ ਸੁਣ ਰਿਹਾ ਸੀ। ਹੁਣ ਵੀ ਮੇਰੇ ਕੰਨਾਂ ਵਿਚ ਸਾਂ ਸਾਂ ਹੋ ਰਹੀ ਸੀ। ਰਲਗੱਡ ਹੋਈਆਂ ਅਵਾਜ਼ਾਂ ਦੀ ਪਹਿਚਾਣ ਹੌਲੀ ਹੌਲੀ ਉੱਘੜ ਰਹੀ ਸੀ।
"
ਇਹ ਅੱਜ ਯੂਨੀਵਰਸਿਟੀ ਨਹੀਂ ਗਿਆ?"
"
ਨਹੀਂ ਅੱਜ ਇਸਦਾ ਲੇਟ ਸਟਾਰਟ ਹੈ। ਮੇਰਾ ਤੇ ਅੱਜ ਸਟੌਮਿਕ ਅਪਸੈੱਟ ਹੈ ਤਾਹੀਏਂ ਮੈਂ ਕੰਮ ਤੇ ਨਹੀਂ ਗਈ ਪਰ ਤੁਸੀਂ ਕਿਹੜਾ ਸੁਪਨਾ ਵੇਖ ਰਹੇ ਸੀ?" ਮੈਂ ਮੁਸਕਰਾ ਪਿਆ। ਮੇਰੀ ਮੁਸਕਰਾਹਟ ਨੂੰ ਮਨੂ ਨੇ ਸੁਆਲੀਆ ਨਜ਼ਰ ਨਾਲ ਨਿਹਾਰਿਆ।
"
ਮੈਂ ਸਾਰਾ ਸੁਪਨਾ ਲੂਣ ਮਿਰਚ ਲਾ ਕੇ ਸੁਣਾ ਦਿੱਤਾ।
"
ਤੁਸੀਂ ਅਜੇ ਤੌਖਲਿਆਂ ਵਿਚ ਹੀ ਰਹੋ ਤਾਂ ਚੰਗਾ, ਐਵੇਂ ਬਾਦ ਵਿਚ ਤੁਹਾਡਾ ਦਿਲ ਕਰੈਕ ਨਾ ਜਾਵੇ।"
"
ਨਹੀਂ ਹੁਣ ਕੋਈ ਡਰ ਨਹੀਂ।"
"
ਕਿਉਂ ਐਡਾ ਕੀ ਇਹਨੇ ਹਦਵਾਣੇ ਵਿਚ ਤੀਰ ਮਾਰ ਦਿੱਤੈ?"
"
ਇਹ ਤੀਰ ਇਹਨੇ ਨਹੀਂ ਮਾਰਿਆ, ਨਾ ਹੀ ਮੈਂ ਮਾਰਿਆ। ਬਸ ਇਹ ਸਮਝ ਲੈ ਕਿ ਇਹ ਤੀਰ ਕਿਸਮਤ ਨੇ ਹੀ ਚਲਾਇਆ। ਉਹ ਕਹਿੰਦੇ ਹਨ ਨਾ ਸਮਾਂ, ਭੂਤ ਜਾਂ ਭਵਿੱਖ ਨਹੀਂ ਹੁੰਦਾ। ਸਮਾਂ ਸਿਰਫ ਸਮਾਂ ਹੁੰਦਾ ਹੈ। ਜਦੋਂ ਤੁਸੀਂ ਸਮੇਂ ਦੇ ਵਿਚ ਆ ਜਾਂਦੇ ਹੋ, ਉਦੋਂ ਹੀ ਸਮਾਂ ਭੂਤ ਤੇ ਭਵਿੱਖ ਵਿਚ ਵੰਡਿਆ ਜਾਂਦਾ ਹੈ। ਜਿਹੜੀ ਕੱਲ ਤੂੰ ਦਾਲ ਬਣਾਈ ਸੀ ਨਾ ਉਹਦੇ ਵਿਚ ਮਿਰਚਾਂ ਜ਼ਿਆਦਾ ਸੀ ਪਰ ਫਿਰ ਵੀ ਸੁਆਦ ਸੀ।"
"
ਮੈਨੂੰ ਕਦੇ ਕਦੇ ਭੌਚਕਾ ਜਿਹਾ ਪੈਂਦਾ ਹੈ ਕਿ ਤੁਹਾਡਾ ਦਿਮਾਗ ਹਿੱਲ ਗਿਆ ਹੈ। ਇਹ ਭੂਤ, ਭਵਿਖ ਵਿਚ ਦਾਲ ਕਿਥੋਂ ਆ ਗਈ? ਉਹ ਤੇ ਅਜੇ ਵੀ ਫਰਿਜ ਵਿਚ ਪਈ ਹੈ। ਤੇ ਨਾਲੇ ਇਹ ਉਮਰ ਹੁਣ ਮਿਰਚਾਂ ਖਾਣ ਵਾਲੀ ਨਹੀਂ ਰਹੀ। ਹੁਣ ਤਾਂ ਦਾਲ ਵੇਖ ਕੇ ਹੀ ਛਾਲਾਂ ਮਾਰ ਲਿਆ ਕਰੋ। ਨਾਲੇ ਦਾਲ ਖ਼ੁਸ਼ ਨਾਲੇ ਤੁਸੀਂ।"
"
ਮੈਂ ਦਾਲ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤੇ ਉਸ ਵਿਚ ਪਈ ਜਾਂ ਪਾਈ ਮਿਰਚ ਬਾਰੇ ਸੋਚ ਰਿਹਾ ਹਾਂ। ਕਦੇ ਕਦੇ ਤਾਂ ਤੂੰ ਕਮਾਲ ਕਰਦੀਂ ਹੈਂ।"
"
ਚਲੋ ਤੁਸੀਂ ਸੋਚੋ ਮਿਰਚ ਬਾਰੇ ਤੇ ਮੈਂ ਜਾਕੇ ਬਰੇਕ ਫਾਸਟ ਬਣਾਵਾਂ। ਹਾਂ ਇੱਕ ਗੱਲ ਹੋਰ ਵੀ ਕਹਿੰਦੀ ਜਾਵਾਂ। ਮਿਰਚ ਦਾਲ ਵਿਚ ਹੀ ਪਈ ਰਹੇ ਤਾਂ ਚੰਗਾ ਹੈ। ਨਿਰੀ ਮਿਰਚ ਤਾਂ ਕਲੇਜਾ ਲੂਹ ਦਿੰਦੀ ਹੈ।" ਇਤਨਾ ਕਹਿਕੇ ਮਨੂ ਨੇ ਖ਼ਾਲੀ ਕੱਪ ਚੁੱਕੇ ਤੇ ਕਮਰਿਉਂ ਬਾਹਰ ਹੋ ਗਈ। ਉਹਦੇ ਜਾਣ ਤੋਂ ਬਾਦ ਮੈਂ ਮਿਰਚ ਬਾਰੇ ਸੋਚਣ ਲੱਗ ਪਿਆ। ਜੇ ਮਿਰਚ ਨਾ ਹੁੰਦੀ ਤਾਂ ਕੀ ਨਵੀ ਨੇ ਯੂਨੀਵਰਸਿਟੀ ਜਾਣਾ ਸੀ? ਸ਼ਾਇਦ ਨਹੀਂ। ਮੈਂ ਤਾਂ ਡੰਡੇ ਮਾਰ ਮਾਰ ਇਸਨੂੰ ਪਸ਼ੂ ਹੀ ਬਣਾ ਦੇਣਾ ਸੀ। ਨਵੀ ਦੇ ਸਮੇਂ ਨੇ ਪਤਾ ਨਹੀਂ ਕੀ ਮਿੱਥ ਲਿਆ ਸੀ। ਗ਼ਲਤੀ ਕਿੱਥੇ ਹੋਈ ਸੀ। ਸ਼ਾਇਦ ਇਹ ਗ਼ਲਤੀ ਵਰ੍ਹਿਆਂ ਤੋਂ ਪੁੰਗਰਦੀ ਆ ਰਹੀ ਹੈ। ਇਸਨੂੰ ਬੀਜਣ ਦੀ ਲੋੜ ਨਹੀਂ। ਮੇਰੇ ਖ਼ੂਨ ਵਿਚ ਮੇਰਾ ਬਾਪ ਰਚਿਆ ਹੋਇਆ ਹੈ। ਉਸਨੂੰ ਤੇ ਮੈਂ ਬਾਹਰ ਕੱਢ ਹੀ ਨਹੀਂ ਸਕਦਾ। ਹਾਂ, ਪਰ ਉਸਦੇ ਚਲੇ ਆ ਰਹੇ ਤੇ ਮੇਰੇ ਅੰਦਰ ਵਗਦੇ ਖ਼ੂਨ ਦਾ ਨਵੀ ਵਿਚ ਪ੍ਰਵਾਹ ਕਰਨਾ ਜਾਇਜ਼ ਨਹੀਂ। ਮੈਂ ਬਥੇਰਾ ਸਬਰ ਕੀਤਾ। ਲਹੂ ਦੀਆਂ ਸੁਨਾਮੀਆਂ ਨੂੰ ਬੰਨ੍ਹ ਮਾਰੇ ਪਰ ਇਸ ਤਰ੍ਹਾਂ ਵੀ ਕਦੇ ਬੇਮੁਹਾਰੇ ਮੁਹਾਣ, ਦਿਸ਼ਾ ਬਦਲਦੇ ਹਨ? ਇਸ ਮੁਹਾਣ ਨੂੰ ਡਰ ਚਾਹੀਦਾ ਸੀ ਤੇ ਉਹ ਡਰ ਮੈਨੂੰ ਰੱਬ ਨੇ ਮੁਫ਼ਤ ਵਿਚ ਬਖ਼ਸ਼ ਦਿੱਤਾ। 'ਚੰਗਾ ਡੈਡ' ਬਣਨਾ ਮੈਂ ਸੋਚਦਾ ਸੀ ਪਰ ਮਿੱਥਦਾ ਨਹੀਂ ਸੀ ਪਰ ਮਿੱਥਣ ਤੋਂ ਬਗੈਰ ਕਿੱਥੇ ਮੁਕਤੀ ਹੁੰਦੀ ਹੈ? ਕਿਤਨੀ ਖ਼ਤਰਨਾਕ ਖੇਡ ਸੀ। ਅੱਜ ਵੀ ਜਦੋਂ ਯਾਦ ਕਰਦਾ ਹਾਂ ਤਾਂ ਝੁਣਝੁਣੀ ਆਉਂਦੀ ਹੈ। ਕਈ ਵਾਰ ਵਕਾਰ ਵਿਨਾਸ਼ ਵਿਚੋਂ ਵੀ ਮੁਕਤੀ ਪਾ ਲੈਂਦੇ ਹਨ। ਮੈਨੂੰ ਯਾਦ ਆਇਆ ਛੋਟੇ ਹੁੰਦਿਆਂ ਜਦੋਂ ਡੱਗੀ ਵਾਲੇ ਲੱਧੇ ਨੇ ਮੇਰੀ ਸ਼ਿਕਾਇਤ ਲਾਈ ਸੀ ਤਾਂ ਬਾਪੂ ਨੂੰ ਗੁੱਸੇ ਵਿਚ ਵੇਖਕੇ ਮੇਰਾ ਮੂਤ ਨਿਕਲ ਗਿਆ ਸੀ ਤੇ ਹੁਣ ਜੇ ਨਵੀ ਵੀ ਸਿਆਣਪ ਤੋਂ ਕੰਮ ਨਾ ਲੈਂਦਾ ਤਾਂ ਮੇਰਾ ਕੀ ਹੁੰਦਾ?ਇਹ ਵੀ ਪਤਾ ਨਹੀਂ ਕਿ ਇਹ ਨਵੀ ਦੀ ਸਿਆਣਪ ਸੀ ਜਾਂ ਮਨੂ ਦੀ। ਕੀ ਇਸ ਉਮਰ ਵਿਚ ਪੈਂਟ ਵਿਚ ਮੂਤਦਾ ਚੰਗਾ ਲਗਦਾ? ਸ਼ੁਕਰ ਹੈ ਕਿ ਮੈਂ ਬਚ ਗਿਆ ਹਾਂ। ਨਵੀ ਮੇਰਾ ਪੁੱਤਰ ਨਹੀਂ ਬਲਕਿ ਦੋਸਤ ਬਣਦਾ ਬਣਦਾ ਹੁਣ ਮੇਰਾ ਪਿਤਾ ਬਣ ਗਿਆ ਹੈ। ਮੈਂ ਉਸਦੀ ਸ਼ਰਨ ਕਬੂਲ ਕਰ ਲਈ ਹੈ।
ਭੂਤ ਲੰਘੇ, ਵਰਤਮਾਨ ਰਹੇ ਜਾਂ ਭਵਿੱਖ ਆਵੇ 'ਡਰਨਾ' ਤਾਂ ਅਡੋਲ ਆਪਣੇ ਖੇਤਾਂ ਵਿਚ ਖੜ੍ਹਾ, ਹਰ ਆ ਰਹੀ ਰੁੱਤ ਨੂੰ ਉਡੀਕਦਾ ਹੈ। ਡਰਨੇ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਤੇ ਨਾ ਉਹ ਆਪ ਬਣਦਾ ਹੈ। ਨਾ ਉਹ ਵਧਦਾ ਹੈ,ਨਾ ਘਟਦਾ ਹੈ, ਹਾਂ ਤੇਜ਼ ਹਨੇਰੀ ਨਾਲ ਡਿੱਗ ਜ਼ਰੂਰ ਪੈਂਦਾ ਹੈ ਤੇ ਸਮੇਂ ਦਾ ਹੁਕਮਰਾਨ ਉਸ ਡਿੱਗੇ ਨੂੰ ਫਿਰ ਖੜ੍ਹਾ ਕਰਕੇ ਹੋਰ ਡੂੰਘਾ ਗੱਡ ਦਿੰਦਾ ਹੈ। ਕਦੇ ਉੱਥੇ ਹੀ ਤੇ ਕਦੇ ਥੋੜਾ ਸਰਕਾ ਕੇ, ਪਰ ਡਰਨਾ ਰਹਿੰਦਾ ਹਮੇਸ਼ਾਂ ਖੇਤਾਂ ਦੇ ਵਿਚਕਾਰ ਹੀ ਹੈ।
ਸੱਤ ਸਾਲ ਪਹਿਲਾਂ ਮੋਹਲੇਧਾਰ ਵਰਖਾ ਨੇ ਅੱਤ ਹੀ ਕਰ ਦਿੱਤੀ ਸੀ ਤੇ ਮੈਂ ਧੜੱਮ ਕਰਕੇ ਡਿੱਗ ਪਿਆ ਸੀ। ਪਰਾਲੀ ਤੇ ਕੱਖਾਂ ਕਾਨਿਆਂ ਨੇ ਪਾਣੀ ਨਾਲ ਰਲ ਮਿਲ ਕੇ ਮੇਰੇ ਹੱਡ ਨੰਗੇ ਕਰ ਦਿੱਤੇ। ਸਿਲ੍ਹੇ ਮੌਸਮ ਨੇ ਗਰਮੀ ਦੀ ਤਪਸ਼ ਘਟਾ ਦਿੱਤੀ ਸੀ ਪਰ ਹੁਸੜ ਬਰਦਾਸ਼ਤ ਤੋਂ ਬਾਹਰ ਸੀ ਇਹਦੇ ਨਾਲੋਂ ਤਾਂ ਗਰਮੀ ਹੀ ਚੰਗੀ ਸੀ। ਹਰ ਕੋਈ ਖੁਸ਼ ਸੀ ਸਿਵਾਏ ਮੇਰੇ। ਮੈਨੂੰ ਡਿੱਗੇ ਪਏ ਨੂੰ ਵੇਖਕੇ, ਜਨੌਰਾਂ ਨੇ ਕਾਵਾਂ-ਰੌਲੀ ਪਾ ਦਿੱਤੀ ਸੀ। ਕਾਵਾਂ-ਰੌਲੀ ਮੇਰੇ ਵਲੋਂ ਵੀ ਸੁਣੀ ਜਾ ਰਹੀ ਸੀ ਪਰ ਇਹ ਮੈਨੂੰ ਦਿਸ ਨਹੀਂ ਰਹੀ ਸੀ। ਮੈਂ ਸੋਚਦਾ ਸੀ ਕਿ ਹੁਣ ਵੀ ਇਹ ਸ਼ੋਰ ਵਧਿਆ ਕਿ ਵਧਿਆ ਪਰ ਇਹ ਮੇਰਾ ਵਹਿਮ ਹੀ ਸੀ। ਉਹਨਾਂ ਭਾਣੇ ਮੈਂ ਬੜੀ ਵੱਡੀ ਤੋਪ ਸੀ। ਇਹਨਾਂ ਜਨੌਰਾਂ ਨੂੰ ਸਮਝ ਹੀ ਕਿਤਨੀ ਹੁੰਦੀ ਹੈ? ਪਰ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿਉਂਕਿ ਮੈਂ ਇਸ ਸ਼ੋਰ ਨੂੰ ਆਪਣੀ ਭਲੇਮਾਣਸੀ ਨਾਲ ਜਾਂ ਤੁਹਾਨੂੰ ਖੁੱਲ੍ਹ ਹੈ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੇਰੀ ਨਾਮਰਦੀ ਨੇ ਇਸ ਸ਼ੋਰ ਨੂੰ,ਮਹਿੰਗੇ ਭਾਅ ਖਰੀਦ ਲਿਆ ਸੀ। ਡਰਨੇ ਵਾਲੀ ਸਕੀਮ ਵੀ ਮੁੱਦਤਾਂ ਤੋਂ ਚੱਲੀ ਆ ਰਹੀ ਪਤਾ ਨਹੀਂ ਕਿਸ ਫੁੰਕਾਰ ਨੇ ਬਣਾਈ ਸੀ।
ਸੱਤ ਸਾਲ ਪਹਿਲਾਂ ਮਿਲੀ ਸੂਚਨਾ ਅੱਜ ਵੀ ਰੋਂਗਟੇ ਖੜੇ ਕਰ ਦਿੰਦੀ ਹੈ। ਸਾਰਾ ਦਿਨ ਦਿਮਾਗ ਤਪਿਆ ਰਿਹਾ ਸੀ। ਖੋਪੜੀ ਖੁਰਚ ਖੁਰਚ ਕੇ ਮੈਨੂੰ ਅਹਿਸਾਸ ਹੋਇਆ ਕਿ ਸ਼ੋਰ ਅਸਲ ਵਿਚ ਕਹਿੰਦੇ ਕਿਹਨੂੰ ਹਨ।
"
ਜੀ ਉਹ ਸੁੱਤਾ ਪਿਆ। ਮੈਂ ਜਾਨੀ ਆ ਬਾਹਰ ਵੱਡੇ ਪੰਮੀ ਨੂੰ ਲੈ ਕੇ ਤੇ ਤੁਸੀਂ ਉਹਦੇ ਨਾਲ ਕਰੋ ਗੱਲ।" ਇਹ ਕਹਿਕੇ ਮਾਂ ਰੋਣ ਲੱਗ ਪਈ। ਰੋਂਦਿਆਂ ਰੋਂਦਿਆਂ ਉਹਦੀ ਘਿੱਗੀ ਬੱਝ ਗਈ।
"
ਵੱਟ ਏ ਰਿਦਮ" ਮੈਂ ਕਹਿਕੇ ਹੱਸ ਪਿਆ। ਮੇਰੇ ਹਾਸੇ ਵਿਚ ਵੀ ਅੱਥਰੂ ਸਨ। ਕੜਾਕੇ ਦੇ ਸਿੱਲ੍ਹੇਪਨ ਨੇ ਸਾਡੀ ਮੱਤ ਮਾਰ ਲਈ ਸੀ। ਇਸੇ ਸਿੱਲ੍ਹੇਪਨ ਵਿਚ ਹੀ ਸਾਰੇ ਕੰਮ ਕਰ ਰਹੇ ਸਾਂ, ਸਮੇਤ ਹਾਸੇ ਦੇ। ਪਰ ਹੁਣ ਤੇ ਹੱਦ ਹੀ ਹੋ ਗਈ ਸੀ। ਮਹੀਨੇ ਵਿਚ ਤਿੰਨ ਵਾਰ ਮੁੰਡਾ ਸਸਪੈਂਡ ਹੋ ਚੁੱਕਾ ਸੀ। ਦੋ ਵਾਰ ਕੁੱਟ ਖਾ ਕੇ ਆਇਆ ਸੀ ਤੇ ਇੱਕ ਵਾਰ ਕੁੱਟਕੇ। ਕੁੱਟਿਆ ਉਸਨੇ ਵੀਰਵਾਰ ਸੀ ਜਿਸ ਦਿਨ ਉਸਨੇ ਘਰ ਦੀ ਕੱਢੀ ਦਾਰੂ ਵੀ ਪੀਤੀ ਸੀ। ਪਤਾ ਨਹੀਂ ਕੌਣ ਲਿਆਇਆ ਪਰ ਇਹ ਚਾਰ ਜਣੇ ਮਾਸੂਮ ਸਨ। ਪਤਾ ਨਹੀਂ ਕਿਹੜਾ ਜਿੰਨ ਦੇ ਗਿਆ ਪਰ ਇਹਨਾਂ ਪਿਉ ਦੇ ਪੁੱਤਾਂ ਨੇ ਚੁੱਪ ਰਹਿਣ ਦਾ ਆਪਣਾ ਅਧਿਕਾਰ ਵਰਤਦਿਆਂ ਉਸ ਜਿੰਨ ਦਾ ਨਾਮ ਨਹੀਂ ਦਸਿਆ।
ਪ੍ਰਿੰਸੀਪਲ ਦੇ ਸੱਦੇ ਤੇ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਗੁਰਦਾਸ ਮਾਨ ਦਾ ਗਾਣਾ ਸੁਣ ਰਿਹਾ ਸੀ। ਗਾਣੇ ਦੀ ਲੈਅ ਤੇ ਮੈਨੂੰ ਸਮਝ ਨਹੀਂ ਪੈ ਰਹੀ ਸੀ ਪਰ ਕੋਈ ਬੂਟ ਪਾਲਿਸ਼ਾਂ ਵਾਲੀ ਗੱਲ ਸੀ। ਬੂਟ ਪਾਲਿਸ਼ਾਂ ਨੇ ਮੇਰੀ ਬਿਰਤੀ ਬਚਪਨ ਨਾਲ ਜੋੜ ਦਿੱਤੀ। ਸਾਡਾ ਸਕੂਲ ਨੌ ਵਜੇ ਲਗਦਾ ਸੀ ਤੇ ਇਸਤੋਂ ਪਹਿਲਾਂ ਮੈਂ ਬਾਪੂ ਦੇ ਮੋਟਰ ਸਾਇਕਲ ਤੇ ਗਿੱਲਾ ਕੱਪੜਾ ਫੇਰਦਾ ਤੇ ਫਿਰ ਵੱਡੇ ਭਾਊ ਦੇ ਤੇ ਬਾਪੂ ਦੇ ਬੂਟ ਲਿਸ਼ਕਾਉਂਦਾ। ਉਹਦੋਂ ਧੰਨਵਾਦ ਕਹਿਣ ਦਾ ਰਿਵਾਜ ਹੀ ਨਹੀਂ ਸੀ ਪਰ ਜੇ ਕਿਤੇ ਬੂਟ ਚੰਗੀ ਤਰ੍ਹਾਂ ਨਾ ਲਿਸ਼ਕਦੇ ਤਾਂ ਛਿਤਰੌਲ ਜਰੂਰ ਹੋ ਜਾਂਦੀ ਸੀ। ਛਿੱਤਰਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਸਿਰਫ ਮੈਂ ਇਹ ਚਾਹੁੰਦਾ ਸੀ ਕਿ ਛਿੱਤਰ ਪੈਣ ਵੇਲੇ ਉਹਦੀ ਅਵਾਜ਼ ਬਾਹਰ ਨਾ ਜਾਵੇ ਤੇ ਫੇਰ ਇਹ ਝਾਕਾ ਵੀ ਲੱਥ ਗਿਆ। ਬੰਦਾ ਕਿਤਨਾ ਕੁ ਚਿਰ ਦੁਨੀਆਂ ਨੂੰ ਬੇਵਕੂਫ਼ ਬਣਾ ਸਕਦਾ ਹੈ? ਨਾਲੇ ਮੈਂ ਕਿਹੜਾ ਬਿਗਾਨੇ ਕੋਲੋਂ ਖਾਂਦਾ ਸੀ ਫਿਰ ਇਹਦਾ ਵੀ ਹੱਲ ਲੱਭ ਪਿਆ। ਮੈਂ ਇਹ ਰਾਜ਼ ਆਪਣੇ ਆੜੀ ਧਿਆਨ ਨਾਲ ਸਾਂਝਾ ਕੀਤਾ। ਉਹਨੇ ਜਿਹੜੀ ਸਲਾਹ ਦਿੱਤੀ ਉਹ ਬੜੀ ਖ਼ਤਰਨਾਕ ਸੀ ਪਰ ਮੈਂ ਸੋਚਿਆ ਹਰਜ ਵੀ ਕੀ ਹੈ? ਮੈਂ ਰਾਤ ਹੀ ਮੋਮਜਾਮੀ ਦਰੀ ਥੱਲੇ ਰੱਖ ਲਈ। ਸਵੇਰੇ ਕੁੱਕੜ ਬਾਂਗ ਨਾਲ ਹੀ ਮੈਂ ਉੱਠ ਪਿਆ। ਦਾਣਾ ਵੱਟ ਕੇ ਚਾਹ ਨਾਲ ਅੰਦਰ ਸੁੱਟਿਆ ਤੇ ਬੂਟ ਪਾਲਿਸ਼ ਕਰਨ ਲੱਗ ਪਿਆ। ਬਾਪੂ ਦੇ ਬੂਟ ਮੈਂ ਜਾਣ ਕੇ ਕਾਲੇ ਤੋਂ ਲਾਖੇ ਕਰ ਦਿੱਤੇ। ਬਾਪੂ ਨਾਲ ਕੋਈ ਨਿੱਜੀ ਦੁਸ਼ਮਣੀ ਥੋੜਾ ਸੀ, ਮੈਂ ਤੇ ਤਜਰਬਾ ਹੀ ਕਰ ਰਿਹਾ ਸੀ। ਮੋਟਰ ਸਾਇਕਲ ਨੂੰ ਮੈਂ ਜਾਣਕੇ ਗੰਦੇ ਕਪੜੇ ਨਾਲ ਹੋਰ ਵੀ ਲਿਸ਼ਕਾ ਦਿੱਤਾ। ਬੱਸ ਜੀ ਛਿੱਤਰ ਖਾਣ ਦਾ ਸੁਆਦ ਆ ਗਿਆ। ਮੈਨੂੰ ਤੇ ਸਗੋਂ ਹਾਸਾ ਆ ਰਿਹਾ ਸੀ ਪਰ ਇੱਕ ਗੜਬੜ ਹੋ ਗਈ। ਬਾਪੂ ਨੇ ਆਖਰੀ ਛਿੱਤਰ ਮਾਰਨ ਤੋਂ ਬਾਅਦ ਮੇਰੀ ਜੂੜੀ ਫੜ ਕੇ ਘੁੰਮਾ ਦਿੱਤੀ। ਬੀਬੀ ਨੇ ਬੜੀ ਰੀਝ ਨਾਲ ਮੀਡੀਆਂ ਕਸਕੇ ਬੰਨ੍ਹੀਆਂ ਸਨ। ਕਸਕੇ ਬੰਨ੍ਹੀਆਂ ਮੀਡੀਆਂ ਤਾਜ਼ੀਆਂ ਤਾਜ਼ੀਆਂ ਤਾਂ ਥੋੜਾ ਔਖੀਆਂ ਕਰਦੀਆਂ ਸਨ ਪਰ ਬਾਅਦ ਵਿਚ ਸਾਰਾ ਦਿਨ ਅਰਾਮ ਰਹਿੰਦਾ ਸੀ ਜਿਵੇਂ ਮਰਜ਼ੀ ਖੇਡੀ ਮੱਲੀ ਜਾਵੋ ਮਜ਼ਾਲ ਹੈ ਕੋਈ ਮੀਡੀ ਹਿੱਲ ਵੀ ਜਾਵੇ। ਬਾਪੂ ਨੂੰ ਸ਼ਾਇਦ ਆਪਣਾ ਚੇਤਾ ਭੁੱਲ ਗਿਆ ਸੀ ਤੇ ਉਸਨੇ ਅਣਭੋਲ ਹੀ ਮੀਡੀਆਂ ਢਿੱਲੀਆਂ ਕਰ ਦਿੱਤੀਆਂ। ਪਤਾ ਨਹੀਂ ਬਾਪੂ ਹੋਰਾਂ ਅਣਭੋਲ ਹੀ ਕੀਤੀਆਂ ਸਨ ਜਾਂ ਕੋਈ ਆਪਣੇ ਬਚਪਨ ਦੀ ਕਿੜ ਕੱਢੀ ਸੀ ਰਾਮ ਹੀ ਜਾਣੇ।
ਸਕੂਲ ਜਾਣ ਵੇਲੇ ਮੈਨੂੰ ਪੀੜ ਘੱਟ ਪਰ ਦੁੱਖ ਬਹੁਤਾ ਸੀ। ਮੇਰੇ ਸਾਰੇ ਵਾਲ ਡੋਰ ਦੇ ਪਿੰਨੇ ਵਾਂਗ ਉਲਝ ਗਏ ਸਨ। ਸਕੂਲ ਦੇ ਰਾਹ ਵਿਚ ਮੈਂ ਖੇਤਾਂ ਵਿਚ ਪਹਿਰਾ ਦਿੰਦਾ 'ਡਰਨਾ' ਵੇਖਿਆ। ਡਰਨੇ ਦੇ ਸਿਰ ਵਿਚਲੀ ਉੱਦੜ ਦੁੱਗੜ ਪਰਾਲੀ ਵੇਖਕੇ ਮੈਨੂੰ ਲੱਗਾ ਜਿਵੇਂ ਮੇਰਾ ਜੁੜਵਾਂ ਭਰਾ ਖੜ੍ਹਾ ਹੈ। ਵੈਸੇ ਮੇਰਾ ਜੁੜਵਾਂ ਭਰਾ ਹੈ ਕੋਈ ਵੀ ਨਹੀਂ ਪਰ ਇਸ ਡਰਨੇ ਨੂੰ ਵੀ ਬਾਪੂ ਨੇ ਹੀ ਬਣਾਇਆ ਸੀ ਜਿਵੇਂ ਕੁਸ਼ ਵਿਚ ਬਾਲਮੀਕੀ ਨੇ ਰੂਹ ਫੂਕ ਦਿੱਤੀ ਹੋਵੇ। ਨਸ਼ਾ ਖਿੜ ਚੁੱਕਾ ਸੀ। ਗੁੜ ਦੀ ਰੋੜੀ ਮੈਂ ਮੂੰਹ ਵਿਚ ਪਾ ਲਈ।
*********
ਚਲਦਾ




ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਦੂਜਾ

ਡਰਨੇ ਦੀ ਮੌਤ
ਕਹਾਣੀ

ਭਾਗ ਦੂਜਾ



ਰਨੀਮੇਡ ਦੀਆਂ ਲੈਟਾਂ ਤੇ ਖੜ੍ਹੇ ਮੇਰੇ ਮੂੰਹ ਦਾ ਸੁਆਦ ਮਿੱਠਾ ਮਿੱਠਾ ਹੋ ਗਿਆ। ਪ੍ਰਿੰਸੀਪਲ ਦੇ ਆਏ ਫੋਨ ਨੂੰ ਯਾਦ ਕਰਦਿਆਂ ਹੀ ਮੈਂ ਕਾਰ ਤੋਰ ਲਈ। ਰੈੱਡ ਲੈਟਾਂ ਕਰਾਸ ਕਰਦਿਆਂ ਹੀ ਇੱਕ ਭੂੰਡ ਜਿਹਾ ਮੇਰੇ ਪਿੱਛੇ ਲੱਗ ਗਿਆ।
"
ਸਰ ਮੈਂ ਬਹੁਤ ਟਰਬਲ ਵਿਚ ਹਾਂ।"
"
ਆਈ ਨੀਡ ਯੁਅਰ ਲਾਇੰਸੈਂਸ, ਇੰਨਸ਼ੋਰੈਂਸ ਐਂਡ ਓਨਰਸ਼ਿਪ ਪਲੀਜ਼।" ਨਿਰਦਈ ਭੂੰਡ ਦੇ ਵਿਹਾਰ ਨੇ ਦਰਸਾ ਦਿੱਤਾ ਕਿ ਉਸਨੂੰ ਮੇਰੀ ਟਰਬਲ ਨਾਲ ਕੋਈ ਵਾਸਤਾ ਨਹੀ। ਮੈਂ ਗੁੱਸੇ ਵਿਚ ਕਹਿਣਾ ਚਾਹਿਆ ਕਿ ਸਰ ਜੀ ਤੁਹਾਡੀ ਕੈਪ ਕਿੱਥੇ ਹੈ ਪਰ ਮੈਂ ਚੁੱਪ ਹੀ ਰਿਹਾ। ਸਪਾਟਾ ਕੰਮਪਿਊਟਰ ਤੇ ਮੇਰਾ ਰੈਕਰਡ ਚੈੱਕ ਕਰ ਰਿਹਾ ਸੀ ਤੇ ਮੇਰੇ ਦਿਮਾਗ਼ ਦਾ ਕੰਮਪਿਊਟਰ ਨਵੀ ਬਾਰੇ ਸੋਚ ਰਿਹਾ ਸੀ। ਲਗਦੈ ਅੱਜ ਮੈ ਸਵੇਰੇ ਮੂਲ-ਮੰਤਰ ਪੜ੍ਹਨਾ ਭੁੱਲ ਗਿਆ ਸੀ। ਟਿਕਟ ਲੈਕੇ ਮੈਂ ਕਾਰ ਤੋਰ ਲਈ। ਮੇਰਾ ਧਿਆਨ ਨਵੀ ਵਲੋਂ ਹਟਕੇ ਟਿਕਟ ਵੱਲ ਹੋ ਗਿਆ। ਛੇ ਪੁਵਾਇੰਟ ਅੱਗੇ ਹੀ ਗਵਾ ਚੁੱਕਾ ਸੀ, ਜੁਰਮਾਨਾ ਵੱਖਰਾ। ਪਿਛਲੀ ਵਾਰ ਵੀ ਮੈ ਭਿਖਾਰੀਆਂ ਵਾਂਗ ਯਈਂ ਯਈਂ ਕਰਕੇ ਜੱਜ ਕੋਲੋਂ ਜੁਰਮਾਨਾ ਮਾਫ਼ ਕਰਵਾਇਆ ਸੀ। ਹੁਣ ਫੇਰ ਕਹਿਣਾ ਪਵੇਗਾ, ਉਹ ਤੇ ਜੱਜ ਚੰਗਾ ਮੰਨ ਜਾਂਦਾ ਪਰ ਮੇਰਾ ਆਪਣਾ ਖ਼ੂਨ ਨਵੀ ਨਹੀਂ ਮੰਨਦਾ। ਮੈਂ ਗੁੱਸੇ ਹੋਕੇ ਵੀ ਵੇਖ ਲਿਆ, ਪਿਆਰ ਨਾਲ ਵੀ ਸਮਝਾ ਲਿਆ। ਹੁਣ ਤੇ ਲਗਦੈ ਇਹਦੇ ਗਿੱਟੇ ਹੀ ਤੋੜਨੇ ਪੈਣਗੇ। ਐਹ ਕੋਈ ਉਮਰ ਹੈ ਮਸੀਂ ਪੰਦਰਾਂ ਸਾਲ ਤੇ ਮੇਰੀ ਨਾਨੀ ਚੇਤੇ ਕਰਵਾ ਦਿੱਤੀ। ਨਾਨੀ ਤੋਂ ਚੇਤਾ ਆਇਆ ਮੈਂ ਵੀ ਉਦੋਂ ਪੰਦਰਾਂ ਦਾ ਹੀ ਸੀ। ਜੇ ਨਾਨੀ ਨਾਂ ਬਚਾਉਂਦੀ ਤਾਂ ਮੇਰੀ ਖ਼ੈਰ ਨਹੀਂ ਸੀ। ਬੀਬੀ ਤਾਂ ਇਹੋ ਕਹੀ ਜਾਂਦੀ ਸੀ ਅਜੇ ਜੰਮ ਤਾਂ ਲੈ। ਹੁਣ ਤੇ ਸਰੋਜ ਵੀ ਬੁੱਢੀ ਹੋ ਗਈ ਹੋਣੀ ਹੈ।
ਮੈਂ ਕਾਰ 'ਕਾਫੀ ਟਾਈਮ' ਅੱਗੇ ਰੋਕ ਲਈ। ਸਕੂਲ ਜਾਣ ਨੂੰ ਮੇਰਾ ਮੰਨ ਨਹੀਂ ਸੀ ਮੰਨਦਾ ਪਰ ਜਾਣਾ ਤੇ ਪੈਣਾ ਸੀ। ਨਵੀ ਅਲਕੋਹਲ ਦੇ ਅਸਰ ਥੱਲੇ ਸਕੂਲ ਸੀ ਤੇ ਮੈਨੂੰ ਕੋਈ ਫਿਕਰ ਨਹੀਂ ਲਗਦਾ ਸੀ। ਫਿਕਰ ਤਾਂ ਸੀ ਪਰ ਮੈਂ ਕਰਾਂ ਕੀ?ਹੋਰ ਹੀ ਫਿਕਰ ਨਹੀਂ ਮੁੱਕਦੇ।ਆ ਟਿਕਟ ਵੱਲ ਹੀ ਧਿਆਨ ਮਾਰਾਂ ਤਾਂ ਵੀਕ ਦਾ ਚੈੱਕ ਗਿਆ। ਮੈਂ 'ਕਾਫੀ ਟਾਈਮ' ਤੋਂ ਟਰਿਪਲ ਟਰਿਪਲ ਮੀਡੀਅਮ ਲਈ ਤੇ ਜੇਬੇ ਵਿਚੋਂ ਪੁੜੀ ਕਢਕੇ ਪੱਤਿਆਂ ਦਾ ਫੱਕਾ ਮਾਰਿਆ। ਐਤਕੀਂ ਸ਼ੂਗਰ ਘੱਟ ਪਈ ਲਗਦੀ ਸੀ। ਕਾਫੀ ਦਾ ਗਰਮ ਗਰਮ ਸੁੜਾਕਾ ਮਾਰਿਆ। ਸੰਨ ਪੇਪਰ ਵੇਖਕੇ ਮੈਂ ਉੱਥੇ ਹੀ ਕੁਰਸੀ ਤੇ ਬੈਠ ਗਿਆ। ਤੀਸਰਾ ਵਰਕਾ ਪਲਟ ਲਿਆ। 'ਵਾਹ ਕਿਆ ਬਾਤ ਹੈ'। ਪੂਰਾ ਨਜ਼ਾਰਾ ਲੈਣ ਲਈ ਮੈਂ ਐਨਕ ਕੱਢ ਲਈ। ਦੋਵਾਂ ਹੱਥਾਂ ਨਾਲ ਗਲਾਸੀ ਘੁੱਟ ਕੇ ਫੜਦਿਆਂ ਇੱਕ ਤਕੜਾ ਘੁੱਟ ਇਕੋ ਸਾਹੇ ਪੀ ਗਿਆ। ਕੱਪ ਥੱਲੇ ਰੱਖਕੇ ਮੈ ਤੀਸਰੇ ਪੇਜ਼ ਨੂੰ ਸਾਈਡ ਵੱਲ ਰੱਖਕੇ ਪੰਜਤਾਲੀ ਡਿਗਰੀ ਦੇ ਕੋਣ ਤੋਂ ਨਿਹਾਰ ਰਿਹਾ ਸੀ ਕਿ ਅਚਾਨਕ ਸੈੱਲ ਦੀ ਘੰਟੀ ਖੜਕ ਪਈ। ਮੈਂ ਪਰੀ ਤੋਂ ਧਿਆਨ ਹਟਾਕੇ ਫੋਨ ਚੁੱਕਿਆ। ਪ੍ਰਿੰਸੀਪਲ ਪੁੱਛ ਰਿਹਾ ਸੀ ਕਿ ਮੈ ਕਦੋਂ ਆ ਰਿਹਾ ਹਾਂ? ਜੇ ਨਹੀ ਆ ਰਿਹਾ ਤਾਂ ਉਹ ਮਿਸਜ਼ ਮਨੂ ਰੰਧਾਵਾ ਨੂੰ ਫੋਨ ਕਰਨ।
ਇਹ ਧਮਕੀ ਸੀ ਜਾਂ ਅਹਿਸਾਸ ਕਰਵਾਉਂਣ ਦਾ ਤਰੀਕਾ। ਮੈਂ ਸਨਸ਼ਾਈਨ ਨੂੰ ਵਿਚੇ ਹੀ ਛੱਡਕੇ ਬਾਹਰ ਵੱਲ ਤੁਰ ਪਿਆ। ਇਹ ਦੁਨੀਆਂ ਵੀ ਜੀਣ ਨਹੀਂ ਦਿੰਦੀ। ਕਿਤਨੀ ਸੋਹਣੀ ਨੱਢੀ ਸੀ, ਸਾਲੇ ਦੋ ਮਿੰਟ ਦੇਖਣ ਵੀ ਨਹੀਂ ਦਿੰਦੇ।
"
ਕੰਮ, ਕੰਮ ਮਿਸਟਰ ਰੰਨ ਧਾਵਾ।" ਪ੍ਰਿੰਸੀਪਲ ਨੇ ਫਿਕਰ ਤੇ ਮੁਸਕਰਾਹਟ ਦੇ ਸਾਂਝੇ ਜਿਹੇ ਇਸ਼ਾਰੇ ਨਾਲ ਮੈਨੂੰ ਆਫ਼ਿਸ ਵੱਲ ਤੁਰਨ ਦਾ ਸੰਕੇਤ ਕੀਤਾ। ਮੈਂ ਆਪਣੇ ਨਾਮ ਦੇ ਐਕਸੈਂਟ ਨਾਲ ਅਜੀਬ ਜਿਹਾ ਬੁਖਾਰ ਮਹਿਸੂਸ ਕੀਤਾ।
ਨਵੀ ਲਾਲ ਅੱਖਾਂ ਨਾਲ ਡਰਿਆ ਜਿਹਾ ਬੈਠਾ ਸੀ। "ਨਵੀ ਇਜ਼ ਅੰਡਰ ਇਨਫਲੂਐਂਸ ਔਫ ਅਲਕੋਹਲ, ਮਿਸਟਰ ਰੰਨ ਧਾਵਾ। ਮੈਂ ਇਸਨੂੰ ਕਲਾਸ ਵਿਚ ਨਹੀਂ ਭੇਜ ਸਕਦਾ। ਪਲੀਜ਼ ਟੇਕ ਹਿਮ ਹੋਮ। ਸਟੇਅ ਹੋਮ ਫਾਰ ਥਰੀ ਡੇਅਜ਼।"
"
ਸਰ ਮੇਰਾ ਨਾਮ ਠੀਕ ਲਿਆ ਕਰੋ ਇਹ ਰੰਨ ਧਾਵਾ ਕੀ ਹੋਇਆ?" ਮੈਨੂੰ ਨਵੀ ਨਾਲੋਂ ਜ਼ਿਆਦਾ ਇਸ ਚੀਜ਼ ਦੀ ਸ਼ਰਮ ਮਾਰਦੀ ਸੀ ਕਿ ਇਹ ਮੈਨੂੰ ਕਹੀ ਕੀ ਜਾਂਦਾ ਹੈ।
"
ਆਈ ਐਮ ਸੌਰੀ ਮਿਸਟਰ....ਪਰ ਜੇ ਇਹ ਦੱਸ ਦੇਵੇ ਕਿ ਅਲਕੋਹਲ ਇਹਨਾਂ ਨੂੰ ਕੀਹਨੇ ਦਿੱਤੀ ਹੈ ਤਾਂ ਇਸਦੀ ਸਸਪੈਂਨਸ਼ਨ ਸਿਰਫ ਅੱਜ ਦੀ ਹੋਵੇਗੀ, ਕਲ ਤੋਂ ਇਹ ਸਕੂਲ ਆ ਸਕਦਾ ਹੈ।"



ਨਵੀ ਨੇ ਆਪਣਾ ਬੈਗ-ਪੈਕ ਚੁੱਕ ਲਿਆ ਤੇ ਬੋਲਿਆ, " ਸੀ ਯੂ ਔਨ ਟੀਊਜ਼ਡੇ ਮਿਸਟਰ ਸਿੰਪਸਨ।"
"
ਹੈਵ ਫਨ।" ਪ੍ਰਿੰਸੀਪਲ ਨੇ ਖੜ੍ਹੇ ਹੋਕੇ ਕਿਹਾ। ਉਸਦੇ 'ਹੈਵ ਫਨ' ਕਹਿਣ ਵਿਚ ਤਨਜ਼ ਸੀ ਜਾਂ ਕੁਝ ਹੋਰ ਮੈਂ ਸਮਝ ਨਹੀਂ ਸਕਿਆ। ਫੱਕੇ ਪੱਤੇ ਆਪਣਾ ਰੰਗ ਦਿਖਾ ਰਹੇ ਸਨ। ਪੱਤਿਆਂ ਨਾਲ ਹਮੇਸ਼ਾਂ ਮੇਰੇ ਵਿਚ ਹਲੀਮੀ ਆਉਂਦੀ ਸੀ ਪਰ ਅੱਜ ਉਸਦਾ ਰੰਨ ਧਾਵਾ ਕਹਿਣਾ ਮੈਨੂੰ ਕੁਝ ਜ਼ਿਆਦਾ ਹੀ ਚੂੰਡ ਰਿਹਾ ਸੀ।
"
ਸਰ ਜੀ ਇੱਕ ਗੱਲ ਤਾਂ ਪੱਕੀ ਹੈ ਕਿ ਸਾਡੇ ਰੰਧਾਵੇ ਜੱਟ ਸਰਦਾਰਾਂ ਵਿਚ ਮੁਖ਼ਬਰੀ ਲਈ ਕੋਈ ਥੈਂ ਨਹੀਂ। ਨਿਆਣੇ ਨੇ ਦਾਰੂ ਪੀਤੀ ਹੈ, ਗਲਤ ਗੱਲ ਕੀਤੀ ਪਰ ਤੁਸੀਂ ਮੁਖ਼ਬਰੀ ਲਈ ਨਾਂਹੀ ਆਖੋ ਤਾਂ ਚੰਗਾ।"
ਮਿਸਟਰ ਸਿੰਪਸਨ ਨੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਪਰ ਸਾਡੇ ਤੁਰਦਿਆਂ ਨੂੰ ਕਹਿਣ ਲੱਗਾ, " ਮਿਸਟਰ ਰੰਨ ਧਾਵਾ ਮੈਂ ਨਵੀ ਦੇ ਸੋਸ਼ਲ ਵਰਕਰ ਨੂੰ ਫਰਾਈਡੇ ਤੁਹਾਡੇ ਘਰ ਭੇਜਾਂਗਾ। ਕਰਿਸ ਆਉਂਣ ਤੋਂ ਪਹਿਲਾਂ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲਵੇਗਾ।"
ਤੇ ਅਗਲੇ ਦਿਨ ਮਨੂ ਵਡੇ ਨੂੰ ਲੈਕੇ ਮੇਰੀ ਟਫ ਜਿਹੀ ਡਿਊਟੀ ਲਾਕੇ ਸਟੋਰਾਂ ਨੂੰ ਚਲੇ ਗਈ। ਨਵੀ ਕੋਲ ਜਾਣ ਤੋਂ ਪਹਿਲਾਂ ਮੈ ਕੁਝ ਸੋਚਿਆ ਤੇ ਫਿਰ ਮੇਰਾ ਰੋਣਾ ਨਿਕਲ ਗਿਆ। ਪਤਾ ਨਹੀ ਮੈਂ ਫੱਕਿਆਂ ਨਾਲ ਕਈ ਵਾਰ ਜ਼ਿਆਦਾ ਹੀ ਜਜ਼ਬਾਤੀ ਹੋ ਜਾਂਦਾ ਹਾਂ। ਮੈਂ ਨਵੀ ਦੇ ਕਮਰੇ ਵਿਚ ਗਿਆ। ਉਹ ਘੂਕ ਸੁੱਤਾ ਪਿਆ ਸੀ। ਟੀ.ਵੀ, ਕੰਮਪਿਊਟਰ, ਮਿਊਜ਼ਿਕ ਸਭ ਕੁਝ ਔਂਨ ਸੀ। ਉਸਨੂੰ ਜਗਾਉਣ ਦਾ ਹੌਂਸਲਾ ਨਾ ਪਿਆ। ਕੱਲ ਦੇ ਹਾਦਸੇ ਦਾ ਉਸਨੂੰ ਭੋਰਾ ਵੀ ਅਫ਼ਸੋਸ ਨਹੀਂ ਸੀ। ਪ੍ਰਿੰਸੀਪਲ ਨੇ ਵੀ ਕਿਹਾ ਸੀ, 'ਜਸਟ ਟੇਕ ਇਟ ਇਜ਼ੀ, ਇਸ ਉਮਰ ਵਿਚ ਇਹ ਨਾਰਮਲ ਹੈ"। ਮੈਂ ਗੁੱਸੇ ਤੇ ਫਿਕਰ ਵਿਚ ਫਿਰ ਥੱਲੇ ਆ ਗਿਆ। ਸੋਚ ਰਿਹਾ ਸੀ, ਗੱਲ ਛੇੜਾਂ ਜਾਂ ਨਾ। ਇਹ ਮੇਰੀ ਗੱਲ ਨਹੀਂ ਸਮਝਦਾ। ਮੇਰੇ ਕੋਲੋਂ ਡਰਦਾ ਵੀ ਨਹੀਂ। ਅਸਲ ਵਿਚ ਮੇਰੇ ਕੋਲੋਂ ਤਾਂ ਕੋਈ ਵੀ ਨਹੀਂ ਡਰਦਾ ਤੇ ਮੈਂ ਸਾਰਿਆਂ ਕੋਲੋਂ ਡਰਦਾ ਹਾਂ। ਮੈਂ ਕਿਹੋ ਜਿਹਾ 'ਡਰਨਾ' ਹਾਂ। ਗੱਲ ਤਾਂ ਕਰਨੀ ਹੀ ਪੈਣੀ ਹੈ। ਕੀਤਾ ਕਰਾਇਆ ਤਾਂ ਕੁਝ ਵੀ ਨਹੀਂ ਮਿਲਦਾ। ਮੈਂ ਪਲ ਭਰ ਲਈ ਸੋਫੇ ਤੇ ਬੈਠ ਗਿਆ ਤੇ ਸੋਚਣ ਲੱਗਾ। ਸੋਚਦਿਆਂ ਇੱਕ ਗੱਲ ਮੇਰੇ ਜ਼ਹਿਨ ਵਿਚ ਆਈ ਕਿ ਕਿਸੇ ਨੇ ਕਿਹਾ ਸੀ ਕਿ ਬੱਚੇ ਨੂੰ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਕਿਤੇ ਗੁੱਸੇ ਵਿਚ ਤੇ ਨਹੀ ਹੋ? ਜੇ ਗੁੱਸੇ ਵਿਚ ਹੋ ਤਾਂ ਤੁਸੀਂ ਉਸਨੂੰ ਸੁਧਾਰ ਨਹੀਂ ਰਹੇ ਬਲਕਿ ਆਪਣੇ ਤਕੜੇ ਹੋਣ ਦਾ ਭਰਮ ਪਾਲ ਰਹੇ ਹੋ। ਨਹੀਂ,ਨਹੀੰ, ਇਹ ਗੱਲ ਨਹੀਂ ਹੈ। ਮੈਂ ਆਪਣੀ ਸੋਚ ਨੂੰ ਕਟਦਿਆਂ ਡੂੰਘਾ ਉਤਰਨਾ ਚਾਹਿਆ। ਫੋਨ ਦੀ ਘੰਟੀ ਨੇ ਬਿਰਤੀ ਤੋੜੀ। ਮੈਂ ਫੋਨ ਚੁੱਕਿਆ ਤਾਂ ਕੋਈ ਡਕਟ ਕਲੀਨ ਕਰਨ ਵਾਲਾ ਸੀ। ਮੈਂ ਉਸਨੂੰ ਤਾਂ ਜੁਆਬ ਦੇ ਦਿੱਤਾ ਪਰ ਡਕਟ ਕਲੀਨ ਕਰਨ ਵਾਲੀ ਗੱਲ ਨੂੰ ਲੈਕੇ ਬੈਠ ਗਿਆ। ਵੱਡੀਆਂ ਮਸ਼ੀਨਾਂ ਨਾਲ ਵੈਕਿਊਮ ਕਰਕੇ ਸਾਰਾ ਗੰਦ ਬਾਹਰ ਕੱਢ ਲਵੋ। ਮੈਨੂੰ ਜਿਵੇਂ ਕਿਸੇ ਰੌਸ਼ਨੀ ਦੀ ਕਿਰਨ ਦਿਖਾਈ ਦਿੱਤੀ ਹੋਵੇ। ਕਿਉਂ ਨਾ ਮੈਂ ਵੀ ਨਵੀ ਦੇ ਡਕਟਾਂ 'ਚੋਂ ਗੰਦ ਕੱਢਣ ਦੀ ਕੋਸ਼ਿਸ਼ ਕਰਾਂ? ਪਰ ਕਿਸਤਰ੍ਹਾਂ? ਇਹ ਤੇ ਸੋਚਣਾ ਪਵੇਗਾ। ਫੋਨ ਦੀ ਘੰਟੀ ਫਿਰ ਖੜਕੀ। ਇਸ ਵਾਰ ਮਨੂ ਸੀ। ਡਿਸਪਲੇਅ ਤੇ ਉਹਦਾ ਨੰਬਰ ਵੇਖਕੇ ਹੀ ਮੈਨੂੰ ਖਿਝ ਆਈ।
"
ਕੀ ਬਣਿਆ?" ਉਹ ਪੁੱਛ ਰਹੀ ਸੀ। ਉਹ ਤੇ ਇਸ ਤਰ੍ਹਾਂ ਪੁੱਛ ਰਹੀ ਸੀ ਜਿਵੇਂ ਮੈਂ ਕੋਈ ਓਪਰੇਸ਼ਨ ਕਰ ਰਿਹਾ ਹੋਵਾਂ ਤੇ ਲਾਲ ਬੱਤੀ ਬੁਝਾ ਕੇ ਕਹਾਂ ਵਧਾਈ ਹੋਵੇ ਓਪਰੇਸ਼ਨ ਸਫਲ ਰਿਹਾ, ਮਰੀਜ਼ ਖ਼ਤਰੇ ਤੋਂ ਬਾਹਰ ਹੈ। ਮੈਂ ਇਤਨਾ ਹੀ ਕਿਹਾ, "ਤੇਰੇ ਪਾਏ ਸਿਆਪੇ ਇਤਨੀ ਜਲਦੀ ਕਿਦਾਂ ਖ਼ਤਮ ਹੋਣਗੇ।" ਮੈਂ ਉਸਦੀ 'ਮੈਂ ਕੀ ਕੀਤਾ, ਮੈਂ ਕੀ ਕੀਤਾ' ਸੁਣਨ ਤੋਂ ਪਹਿਲਾਂ ਹੀ ਫੋਨ ਬੰਦ ਕਰ ਦਿੱਤਾ।
ਮੇਰੇ ਕੋਲ ਗੁਆਉਣ ਲਈ ਤਾਂ ਕੁਝ ਵੀ ਨਹੀਂ ਸੀ ਫਿਰ ਮੈਂ ਡਰ ਕਿਉਂ ਰਿਹਾ ਹਾਂ? ਉਹ ਵੀ ਆਪਣੇ ਮੁੰਡੇ ਕੋਲੋਂ। ਮੈਂ ਸੋਚਿਆ ਕਿਉਂ ਨਾ ਇਸਨੂੰ ਇਤਿਹਾਸਕ ਤੇ ਸਮਾਜਿਕ ਪ੍ਰੇਰਨਾ ਦਿੱਤੀ ਜਾਵੇ। ਨਹੀਂ ਇਹ ਤੇ ਹੈਵੀ ਡੋਜ਼ ਹੋ ਜਾਇਗੀ। ਪਿਆਰ ਨਾਲ ਨੱਥ ਪਾਈ ਜਾਵੇ। ਪਰ ਕਿੱਥੇ, ਪਿਆਰ ਨਾਲ ਇਹ ਵਿਗੜੀਆਂ ਸ਼ੈਵਾਂ ਕਿੱਥੇ ਕਾਬੂ ਆਉਂਦੀਆਂ ਹਨ। ਜੇ ਮੇਰੀ ਹੀ ਗੱਲ ਨਹੀਂ ਸੁਣਦਾ ਸੋਸ਼ਲ-ਵਰਕਰ ਦੀ ਕੀ ਸੁਣੇਗਾ? ਜਕੋ-ਤੱਕੀ ਵਿਚ ਮੈਂ ਬਿਨ੍ਹਾਂ ਕਿਸੇ ਫੈਸਲੇ ਨੂੰ ਪੱਲੇ ਬੰਨਿਆਂ ਨਵੀ ਨੂੰ ਹੁੱਝ ਮਾਰ ਕੇ ਉਠਾ ਲਿਆ। ਜਦੋਂ ਉਹ ਜਾਗਿਆ ਤਾਂ ਉਸਦੀਆਂ ਅੱਖਾਂ ਲਾਲ ਸਨ।
"
ਵਟ ਡੈਡ"
"
ਵਟ ਡੈਡ ਦੇ ਲਗਦਿਆ, ਥੱਲੇ ਆ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ।" ਮੇਰੇ ਅੰਦਰਲੇ ਬਜ਼ੁਰਗਾਂ ਨੇ ਲਲਕਾਰ ਕੇ ਕਿਹਾ।
"
ਲੇਟਰ ਡੈਡ" ਨਵੀ ਦੇ ਸਕੂਲ ਨੇ ਜੁਆਬ ਦਿੱਤਾ।
"
ਨਾਓ, ਨੌਟ 'ਲੇਟਰ ਡੈਡ' ਦੇ ਲਗਦਿਆ।" ਕਹਿ ਕੇ ਮੈਂ ਦਾਦਾਗਿਰੀ ਤੇ ਉਤਰ ਆਇਆ। ਮੇਰੇ ਪਿੱਛੇ ਪਿੱਛੇ ਉਤਰਦਾ ਨਵੀ ਮੇਰੇ ਸਾਹਮਣੇ ਲਵ ਸੀਟ ਤੇ ਬੈਠ ਗਿਆ। ਉਸਦੀਆਂ ਅੱਖਾਂ ਨੇ ਸੁਆਲ ਕੀਤਾ ਪਰ ਮੈਨੂੰ ਅਜੇ ਕੁਝ ਸੁਝ ਨਹੀਂ ਰਿਹਾ ਸੀ। ਮੈਂ ਕਹਿੰਣਾ ਚਾਹੁੰਦਾ ਸੀ ਕਿ ਨਹਿਰੂ ਤੇਰੀ ਉਮਰ ਵਿਚ ਕਲਾਸ ਵਿਚੋਂ ਫਸਟ ਆਉਂਦਾ ਸੀ ਪਰ ਕਿਹਾ ਨਹੀਂ ਕਿਉਂਕਿ ਇਸਦਾ ਜੁਆਬ ਵੀ ਮੈਨੂੰ ਪਤਾ ਸੀ।
"
ਦੇਖ ਨਵੀ ਬੇਟੇ ਆਪਾਂ ਗੋਰੇ ਨਹੀਂ ਹਾਂ। ਆਪਾਂ ਨੂੰ ਸ਼ੋਭਾ ਨਹੀਂ ਦਿੰਦਾ।" ਇਸਤੋਂ ਬਾਦ ਮੈਂ ਲਗਾਤਾਰ ਉਸਨੂੰ ਗੁਰ-ਇਤਿਹਾਸ,ਸਿੱਖ-ਇਤਿਹਾਸ, ਅਜ਼ਾਦੀ ਦੀ ਲੜਾਈ ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਹਵਾਲੇ ਨਾਲ ਲੈਕਚਰ ਦਿੰਦਾ ਰਿਹਾ ਤੇ ਉਸਦੇ ਮੂੰਹ ਤੇ ਆਏ ਪ੍ਰਤੀਕਰਮ ਵੀ ਪੜ੍ਹਦਾ ਰਿਹਾ। "ਦੇਖ ਸਾਡੀ ਇੱਕ ਪਰੰਮਪਰਾ ਹੈ, ਇੱਕ ਸਭਿਅਤਾ ਹੈ। ਅਸੀਂ ਆਸ਼ਿਆਂ ਦੀ ਸੇਧੇ ਤੁਰਨਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦਾ ਕਰਦਾ ਮੈਂ ਭਾਵੁਕ ਵੀ ਹੋ ਗਿਆ। ਮੇਰਾ ਰੋਣਹਾਕਾ ਮੂੰਹ ਵੇਖਕੇ ਨਵੀ ਜਿਵੇਂ ਭੰਬਲਭੂਸੇ ਵਿਚ ਪੈ ਗਿਆ। ਮੈਂ ਆਪਣੇ ਆਪ ਨੂੰ ਤਕੜਾ ਕੀਤਾ। ਫਿਰ ਮੈਂ ਆਪਣਾ ਜੱਟਾਂ ਦਾ ਇਤਿਹਾਸ ਲੈ ਤੁਰਿਆ। ਡੇਢ ਘੰਟਾ ਬੀਤ ਚੁੱਕਾ ਸੀ। ਫੱਕੇ ਪੱਤੇ, ਮੁਰਝਾ ਗਏ ਸਨ। ਮੈਂ ਨਵੀ ਤੇ ਹੋਏ ਅਸਰ ਦੇਖਣ ਲਈ ਕੁਝ ਰੁਕਿਆ। ਰਸੋਈ ਵਿਚ ਗਿਆ, ਪੱਤਿਆਂ ਦਾ ਇੱਕ ਹੋਰ ਫੱਕਾ ਮਾਰਿਆ ਤੇ ਪਾਣੀ ਦਾ ਗਲਾਸ ਪੀਤਾ। ਨਵੀ ਨੂੰ ਪਾਣੀ ਲਈ ਪੁੱਛਿਆ। ਉਸਨੇ ਨਾਂਹ ਵਿਚ ਸਿਰ ਮਾਰਿਆ। ਮੈਂ ਸੋਚਿਆ ਨਵੀ ਵਾਕਿਆ ਹੀ ਮੇਰੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਲੋਹਾ ਗਰਮ ਸੀ। ਮੈਂ ਸੱਟ ਮਾਰਨ ਲਈ ਆਪਣੇ ਪਰ ਤੋਲਣ ਲੱਗਾ। ਮੈਂ ਫਿਰ ਸੋਚਿਆ ਕਿਉਂ ਨਾ ਲਗਦੇ ਹੱਥ ਇਸਨੂੰ ਆਪਣੇ ਘਰ ਦੀ ਸਰਦਾਰੀ ਵੀ ਦੱਸ ਦੇਵਾਂ। ਸ਼ਾਇਦ ਇਹ ਸੋਚੇ ਕਿ ਅਸੀਂ ਵਾਕਿਆ ਹੀ ਤੀਰ-ਅੰਦਾਜ਼ ਹਾਂ ਤੇ ਸਾਡਾ ਵਿਹਾਰ ਵੱਖਰਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਸਿੰਪਸਨ ਕਹਿੰਦੈ ਕਿ ਇਹ ਨਾਰਮਲ ਹੈ, ਉਹ ਸਾਡੇ ਲਈ ਨਾਰਮਲ ਨਹੀਂ ਹੈ। ਸਾਡੇ ਸਿਰ ਖਾਨਦਾਨ ਦੀਆਂ ਕੁਝ ਜ਼ਿੰਮੇਵਾਰੀਆਂ ਹਨ ਪਰ ਗੱਲ ਮੇਰੇ ਗਲ਼ੇ ਵਿਚ ਹੀ ਅਟਕ ਗਈ। ਪੱਤੇ ਫਿਰ ਖਿੜ ਉੱਠੇ ਸਨ। ਪੱਤਿਆਂ ਨੇ ਮੇਰੇ ਸਰੀਰ ਦੇ ਸਾਰੇ ਕੋਨਿਆਂ ਤੇ ਹਲੀੰਮੀ ਦੀ ਬਾਰਸ਼ ਕਰ ਦਿੱਤੀ। ਮੇਰੇ ਤੇ ਤਾਰੀ ਹੋਈ ਹਲੀਮੀ ਨੇ,ਨਵੀ ਦਾ ਪੱਖ ਜੋਰ ਨਾਲ ਫੜ ਲਿਆ ਪਰ ਫਿਰ ਵੀ ਹਲੀਮੀ ਨੇ ਪਤਾ ਨਹੀ ਇਹ ਕਿਵੇਂ ਸਮਝ ਲਿਆ ਕਿ ਨਵੀ ਵੀ ਉਹ ਗੱਲ ਸਮਝ ਜਾਏਗਾ ਜੋ ਮੈਂ ਉਸਨੂੰ ਦੱਸਣਾ ਤਾਂ ਚਾਹੁੰਦਾ ਹਾਂ ਪਰ ਇਹ ਵੀ ਚਾਹੁੰਦਾ ਹਾਂ ਕਿ ਉਹ ਸਾਡੇ ਖ਼ਾਨਦਾਨ ਦੀਆਂ ਰਵਾਇਤੀ ਕਦਰਾਂ ਨੂੰ ਨਕਾਰੇ ਨਾ, ਪਰ ਸਮਝੌਤਾ ਕਰਨ ਦੀ ਉਸਨੂੰ ਪੂਰੀ ਖੁਲ ਹੈ। ਪਰ ਸਾਡੇ ਘਰ ਵਿਚ ਤਾਂ ਵਾਇਲੈਂਸ ਹੀ ਬਹੁਤ ਹੈ। ਮਾਰਤਾ ਉਏ,ਭਜਾਤਾ ਉਏ, ਚੁੱਕ ਲਿਆ ਉਏ, ਛੁਡਾ ਲਈ ਉਏ। ਮੈਨੂੰ ਕੋਈ ਵੀ ਚੰਗੀ ਗੱਲ ਔੜ ਹੀ ਨਹੀਂ ਰਹੀ ਸੀ ਜੋ ਅਕਲ ਵਾਲ਼ੀ ਹੋਵੇ। ਵੇਖਿਆ ਜਾਵੇ ਤਾਂ ਨਵੀ ਤਾਂ ਉਹੋ ਕੁਝ ਕਰ ਰਿਹਾ ਸੀ ਜੋ ਅਸੀਂ ਕਰਦੇ ਆ ਰਹੇ ਸਾਂ। ਅਸੀਂ ਤਾਂ ਇਸਨੂੰ ਸਿੱਧੇ ਰਸਤੇ ਪਾਉਣਾ ਹੈ। ਤੇ ਕੀ ਅਸੀਂ ਪੁੱਠੇ ਰਸਤੇ ਸੀ?
ਮੈਂ ਮਸਲੇ ਨੂੰ ਵਖਰੇ ਅੰਦਾਜ਼ ਵਿਚ ਕਰਨ ਲਈ ਜੁਗਤਾਂ ਸੋਚਣ ਲੱਗਾ। ਅਚਾਨਕ ਮੈਨੂੰ ਕੁਝ ਯਾਦ ਆਇਆ। ਮੇਰੇ ਚਿਹਰੇ ਤੇ ਖੇੜਾ ਆ ਗਿਆ। "ਨਵੀ ਦੇਖ ਪਿਛਲੇ ਹਫ਼ਤੇ ਤੈਨੂੰ, ਕਾਲਿਆਂ ਪਤਾ ਕਿਉਂ ਕੁੱਟਿਆ ਸੀ?"
"
ਆਈ ਨੋ"
"
ਨਹੀਂ ਤੈਨੂੰ ਕੁਝ ਨਹੀਂ ਪਤਾ। ਤੇਰੀ ਸਮਝ ਅਜੇ ਕੱਚੀ ਹੈ। ਥਿੰਕ ਹਾਈ, ਮਾਈ ਸੰਨ ਜਸਟ ਥਿੰਕ ਹਾਈ।"
"
ਹਾਓ ਡੈਡ।"
"
ਦੇਖ ਤੈਨੂੰ ਕੁੱਟ ਪਈ, ਕਿਉਂਕਿ ਤੂੰ ਭੀੜ ਦਾ ਹਿੱਸਾ ਹੈਂ। ਤੈਨੂੰ ਇਸ ਭੀੜ ਤੋਂ ਉਪਰ ਉੱਠਣ ਦੀ ਲੋੜ ਹੈ। ਉਪਰ ਬਹੁਤ ਥੋੜੇ ਹਨ। ਜਗ੍ਹਾ ਹੀ ਜਗ੍ਹਾ ਹੈ। ਤੂੰ ਕਦੇ ਸੁਣਿਆ ਹੈ ਕਦੇ ਕਿਸੇ ਡਾਕਟਰ ਜਾਂ ਵਕੀਲ ਨੂੰ ਕਿਸੇ ਕੁਟਿਆ ਹੋਵੇ। ਉਹ ਵੀ ਐਵੇਂ ਹੀ। ਹਾਂ ਜੇ ਡਾਕਟਰ ਜਾਂ ਵਕੀਲ ਐਵੇਂ ਪੰਗੇ ਲੈਣ ਫਿਰ ਤਾਂ ਕੁੱਟ ਖਾਊਗਾ ਹੀ ਪਰ ਐਵੇਂ ਕੋਈ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਉਪਰ ਉੱਠ ਗਏ ਹਨ। ਇਸ ਲਈ ਮੈਂ ਤੈਨੂੰ ਸਮਝਾਉਂਦਾ ਹਾਂ 'ਥਿੰਕ ਹਾਈ'। ਬੱਸ ਇਹੋ ਮੌਕਾ ਹੈ ਦੋ ਚਾਰ ਸਾਲ ਪੜ੍ਹ ਲੈ ਫਿਰ ਮੌਜਾਂ ਹੀ ਮੌਜਾਂ ਪਰ ਜੇ ਸਮਾਂ ਗਵਾ ਲਿਆ ਫਿਰ ਪਛਤਾਏਂਗਾ।"
"
ਲਾਈਕ ਯੂ ਡੈਡ।"
"
ਉਹ ਮੇਰੀ ਗੱਲ ਛੱਡ।" ਮੈਨੂੰ ਗੁੱਸਾ ਆ ਗਿਆ ਤੇ ਮੈਂ ਨਵੀ ਨੂੰ ਝਈ ਲੈ ਕੇ ਪਿਆ। ਮੈਂ ਫਿਰ ਕਿਹਾ, "ਕੀ ਇਹ ਜਰੂਰੀ ਹੈ ਕਿ ਤੂੰ ਵੀ ਉਹੋ ਸਟੋਨ ਲਿਕ ਕਰੇਂ?"
"
ਡੈਡ ਐਵੇਂ ਚਵਲਾਂ ਨਾ ਮਾਰੀ ਜਾ। ਇੱਕ ਪਾਸੇ ਤਾਂ ਤੂੰ ਕਹਿੰਨੈ ਕਿ ਥਿੰਕ ਹਾਈ। ਦੂਜੇ ਪਾਸੇ ਸ਼ਿਵਾ ਜੀ ਮਰਹਟਾ ਬਾਰੇ ਦੱਸੀ ਜਾਂਦਾ ਹੈਂ। ਤੀਜੇ ਪਾਸੇ ਚਮਕੌਰ ਦੀ ਗੜ੍ਹੀ ਵਿਚ ਕੀ ਹੋਇਆ ਉਹ ਦੱਸੀ ਜਾਂਦਾ ਹੈਂ, ਚੌਥੇ ਪਾਸੇ ਆਪਣੇ ਖ਼ਾਨਦਾਨ ਦੀਆਂ ਯੱਭਲੀਆਂ ਮਾਰੀ ਜਾਂਦੈ। ਪੰਜਵਾਂ ਆਪਣੇ ਦੋਸਤਾਂ ਨਾਲ ਰਲ ਕੇ ਜੱਥੇਦਾਰਾਂ ਨੂੰ ਕੋਸੀ ਜਾਨੈ। ਕਦੇ ਫਿਰ ਜੱਥੇਦਾਰਾਂ ਵੱਲ ਹੋ ਜਾਨੈ। ਛੇਵਾਂ ਡੋਡੇ ਪੀ ਕੇ ਜਾਂ ਖਾ ਕੇ ਮੈਨੂੰ ਸਮਝਾਉਣ ਤੁਰ ਪੈਂਦਾ ਹੈਂ। ਸਤਵਾਂ ਮੌਮ ਨੂੰ ਮੇਰੇ ਖ਼ਿਲਾਫ਼ ਚੁੱਕਦਾ ਰਹਿੰਦੈ ਨਾਲੇ ਤੂੰ ਉਹਨੂੰ ਵੀ ਡੋਡੇ ਖਾਣ ਲਾ ਦਿੱਤੈ। ਅਠਵਾਂ ਮੈਨੂੰ ਯਾਦ ਨਹੀਂ ਪਰ ਕੁਝ ਹੈ ਜਰੂਰ। ਯੂ ਆਰ ਜਸਟ ਏ ਕੰਨਫਿਊਜ਼ਡ ਪਰਸਨ ਤੇ ਮੈਨੂੰ ਵੀ ਕੰਨਫਿਊਜ਼ ਕਰਦਾ ਰਹਿੰਨੈ।"
ਮੈਂ ਸਿਰ ਫੜ ਕੇ ਬੈਠ ਗਿਆ। ਇਹ ਮੈਂ ਕੀਹਦੇ ਨਾਲ ਪੰਗਾ ਲੈ ਲਿਆ? ਮੈਂ ਚਾਹੁੰਦਾ ਸੀ ਮਨੂ ਜਲਦੀ ਆ ਜਾਵੇ ਤੇ ਮੇਰਾ ਖਹਿੜਾ ਛੁੱਟੇ। ਕੀਤੇ ਕਰਾਏ ਦਾ ਮੈਂ ਹੁਣ ਕੀ ਕਰਨਾ। ਫੋਕੀ ਬਦਨਾਮੀ ਖੱਟਣ ਦਾ ਕੀ ਲਾਭ। ਦੁਧ ਤਾਂ ਉਬਲਕੇ ਭੜੋਲੀ ਵਿਚ ਪੈ ਚੁੱਕਾ ਸੀ। ਹੁਣ ਮੈਂ ਕੀ ਕਰਾਂ?" ਮੈਨੂੰ ਸਿਰ ਸੁਟੀ ਚੁੱਪ ਵੇਖ ਕੇ ਨਵੀ ਬੋਲਿਆ, "ਤੂੰ ਕਦੇ ਪੁੱਛਿਆ, ਕਾਲਿਆਂ ਨਾਲ ਫਾਈਟ ਕਿਉਂ ਹੋਈ। ਮੈਂ ਤੈਨੂੰ ਦੱਸਦਾ ਹਾਂ। ਉਹ ਮੇਰੇ ਕੋਲੋਂ ਮੇਰੀ ਲੰਚ ਮਨੀ ਮੰਗਦੇ ਸੀ। ਜੇ ਮੈਂ ਮਨੀ ਉਹਨਾਂ ਨੂੰ ਦੇ ਦਿੰਦਾ ਤਾਂ ਭੁੱਖੇ ਰਹਿਕੇ ਮੈਂ 'ਥਿੰਕ ਹਾਈ' ਕਾਹਦੇ ਨਾਲ ਕਰਦਾ? ਚਲ ਹੋਰ ਦੱਸ ਜੇ ਮੇਰੀ ਜਗ੍ਹਾ ਤਾਂਤੀਆ ਤੋਪੇ ਹੁੰਦਾ ਮੰਗਲ ਪਾਂਡੇ ਜਾਂ ਝਾਂਸੀ ਦੀ ਰਾਣੀ ਹੁੰਦੀ, ਉਹ ਕੀ ਕਰਦੀ? ਉਹ ਫਾਈਟ ਬੈਕ ਕਰਦੀ ਜਾਂ ਥਿੰਕ ਹਾਈ ਕਰਦੀ?ਉਹ ਡਾਕਟਰ ਤਾਂ ਹੀ ਬਣੂਗੀ ਜੇ ਪੜੂਗੀ ਤੇ ਪੜੂਗੀ ਤਾਂ ਹੀ ਜੇ ਲੰਚ ਕਰੇਗੀ। ਤੂੰ ਵੀ ਬਸ ਖੋਤੇ ਦਾ ਖੋਤਾ ਹੀ ਰਿਹਾ ਜਿਵੇਂ ਮੌਮ ਤੈਨੂੰ ਕਦੇ ਕਦੇ ਕਹਿੰਦੀ ਹੈ। ਦਿਮਾਗ ਤੇਰੇ ਵਿਚ ਭੂਸਾ ਭਰਿਆ ਪਿਆ ਇੰਡੀਆ ਦਾ। ਤੂੰ ਵੈਕਿਊਮ ਕਰਾ ਆਪਣੇ ਸਿਰ ਦਾ।" ਇਤਨੀ ਗੱਲ ਕਹਿਕੇ ਨਵੀ ਹੱਸ ਪਿਆ ਤੇ ਮੇਰਾ ਅੰਦਰ ਲੇਰਾਂ ਮਾਰਨ ਲੱਗ ਪਿਆ।
"
ਸ਼ਟ-ਅੱਪ ਜਸਟ ਸ਼ਟ-ਅੱਪ" ਮੈ ਚੀਕ ਪਿਆ। ਨਵੀ ਸਹਿਮਕੇ ਚੁੱਪ ਕਰ ਗਿਆ। ਨਵੀ ਨਿਆਣਾ ਸੀ ਡਰ ਗਿਆ। ਅਜੇ ਤੱਕ ਉਹ ਮੇਰੇ ਤੋਂ ਡਰਦਾ ਸੀ। ਮਾੜੀ ਬੋਲੀ ਉਸਨੇ ਮਨੂ ਤੋਂ ਸਿੱਖ ਲਈ ਸੀ। ਸਾਡਾ ਵਿਰੋਧ ਤਾਂ ਸੀ ਪਰ ਵੈਰ ਨਹੀਂ ਸੀ। ਕਦੇ ਕਦੇ ਨਵੀ ਨੂੰ ਮੇਰੇ ਤੇ ਤਰਸ ਆਉਂਦਾ ਤੇ ਕਦੇ ਮੈਨੂੰ ਨਵੀ ਤੇ ਤਰਸ ਆਉਂਦਾ।ਮੇਰੀ ਜ਼ਿੰਦਗੀ ਦੀ ਟਰੇਨਿੰਗ ਹੀ ਐਸੀ ਸੀ ਕਿ ਮੈਂ ਸਾਰੀ ਦੁਨੀਆਂ ਨੂੰ ਖ਼ੁਸ਼ ਰਖਣਾ ਚਾਹੁੰਦਾ ਸੀ ਫਿਰ ਆਪਣੇ ਨਿਆਣਿਆਂ ਦੀ ਖ਼ੁਸ਼ੀ ਕਿਉਂ ਨਹੀਂ ਚਾਹਾਂਗਾ। ਵਾਧੂ ਖ਼ਰਚ ਕਰਕੇ ਮੈਂ ਨਿਆਣੇ ਵੀ ਵਿਗਾੜ ਲਏ ਸਨ ਪਰ ਉਹ ਜਾਤੀ ਤੌਰ ਤੇ ਮੇਰੇ ਨਾਲ ਜਜ਼ਬਾਤੀ ਸਨ। ਮੈਂ ਕਦੇ ਵੀ ਆਪਣੇ ਕਲਚਰ ਦੀ ਗੱਲ ਕਰਦਾ ਤਾਂ ਉਹ ਖਾਨਾਪੂਰੀ ਕਰ ਕੇ ਮੈਨੂੰ ਖ਼ੁਸ਼ ਰੱਖਦੇ ਪਰ ਸਿਖਦੇ ਕੁਝ ਵੀ ਨਾ। ਇਹ ਸਾਰਾ ਕੁਝ ਜੋ ਨਵੀ ਨੇ ਕਿਹਾ ਸੀ ਇਹ ਮਨੂੰ ਦੇ ਡਾਇਲਾਗ ਹੀ ਦੁਹਰਾਏ ਸਨ।


*****
ਚਲਦਾ