ਕਹਾਣੀ
ਭਾਗ ਪਹਿਲਾ
ਮੈਂ ਕੀ ਕਿਹਾ ਸੀ ਤੈਨੂੰ, ਉਹ ਦੇਖ ਮੇਰਾ ਸਹਿਜ਼ਾਦਾ?" ਮੈਂ ਨਾਲ਼ ਵਾਲੀ ਕੁਰਸੀ ਤੇ ਬੈਠੀ ਸੋਹਣੀ ਕੁੜੀ ਨੂੰ ਕਿਹਾ। ਐਡੀਟੋਰੀਅਮ ਦੀ ਸਟੇਜ ‘ਤੇ ਚੜ੍ਹ ਰਿਹਾ ਸ਼ਹਿਜ਼ਾਦਾ ਮੈਨੂੰ ਇੰਝ ਲੱਗਾ ਜਿਵੇਂ ਉਸਦੇ ਥੱਲੇ ਦੁੱਧ ਚਿੱਟਾ ਘੋੜਾ ਹੋਵੇ, ਸਿਰ ਤੇ ਮੁਕਟ, ਪੈਰਾਂ ਵਿਚ ਸੁਨਿਹਰੀ ਖੁੱਸੇ ਤੇ ਗਲ਼ ਵਿਚ ਟਾਈ। ਇਹ ਵੀ ਚੰਗਾ ਹੋਇਆ, ਇਸਨੇ ਸਵੇਰੇ ਉੱਠ ਕੇ ਸ਼ੇਵ ਕੀਤੀ ਹੈ। ਸਰੀਰ ਤੇ ਵੇਖ ਇਹਦਾ ਜਿਵੇਂ ਰਿਤਿਕ ਹੋਵੇ।" ਮੈਂ ਸੋਹਣੀ ਕੁੜੀ ਨੂੰ ਫਿਰ ਕਿਹਾ। " ਚੰਗਾ ਹੁੰਦਾ ਜੇ ਮੇਰੇ ਆਖੇ ਲੱਗਕੇ ਇਹ ਨਾਭੀ ਪੱਗ ਵੀ ਬੰਨ੍ਹ ਲੈਂਦਾ। ਕਿਤਨੀ ਫੱਬਣੀ ਸੀ ਇਸਨੂੰ ਤੋਤੇ ਰੰਗੀ ਟਾਈ ਤੇ ਸੁਨਿਹਰੀ ਖੁੱਸਿਆਂ ਨਾਲ।" ਮੈਂ ਕੁੜੀ ਵੱਲ ਝਾਕਿਆ। ਉਹ ਮੇਰੇ ਵੱਲ ਧਿਆਨ ਨਹੀਂ ਦੇ ਰਹੀ ਸੀ। ਉਹ ਕਿਸੇ ਸਾਧ ਵਾਂਗ ਸਟੇਜ ਵੱਲ ਹੀ ਸਾਧੀ ਹੋਈ ਸੀ।
"ਤੇ ਹੁਣ ਆ ਰਹੇ ਹਨ ਅੱਜ ਦੇ ਹੀਰੋ ਮਿਸਟਰ ਰੰਧਾਵਾ। ਜਿਨ੍ਹਾਂ ਨੇ ਯੂਨੀਵਰਸਿਟੀ 'ਚ ਟੌਪ ਕੀਤਾ ਹੈ।" ਇਹ ਵੀ ਚੰਗਾ ਹੋਇਆ ਸਟੇਜ ਤੋਂ ਇਸਦਾ ਸਿਰਫ਼ ਲਾਸਟ ਨਾਮ ਬੋਲਿਆ ਗਿਆ। ਮੈਨੂੰ ਲੱਗਾ ਇਹ ਸੁਆਗਤੀ ਲਫ਼ਜ਼ ਮੇਰੇ ਲਈ ਹਨ।
" ਹਾਂ ਤੇ ਦੋਸਤੋ ਡਿਗਰੀ ਦੇ ਨਾਲ ਇੱਕ ਖ਼ੁਸ਼ੀ ਹੋਰ ਵੀ ਸਾਂਝੀ ਕਰਨ ਜਾ ਰਹੇ ਹਾਂ ਕਿ ਮਿਸਟਰ ਰੰਧਾਵਾ ਨੂੰ ਜੌਬ ਆਫਰਜ਼ ਦੀਆਂ ਸੱਤ ਪਰਪੋਲਜ਼ ਆਲਰੈਡੀ ਆ ਚੁੱਕੀਆਂ ਹਨ। ਹੁਣ ਫੈਸਲਾ ਮਿਸਟਰ ਰੰਧਾਵਾ ਦੇ ਹੱਥ ਹੈ ਕਿ ਉਹ ਕਿਸ ਕੰਪਨੀ ਨੂੰ ਇਹ ਮਾਣ ਬਖ਼ਸ਼ਦੇ ਹਨ। ਬਹੁਤ ਹੀ ਮਟਕ ਨਾਲ ਚੱਲ ਰਹੇ ਮਿਸਟਰ ਰੰਧਾਵਾ ਸਟੇਜ ਤੋਂ ਹਾਲ ਵਿਚ ਕੁਝ ਲੱਭ ਰਹੇ ਹਨ। ਇਹ ਕੋਈ ਲਗਜ਼ਰੀ ਕਾਰ ਨਹੀਂ ਲੱਭ ਰਹੇ। ਲਗਜ਼ਰੀ ਕਾਰ ਤਾਂ ਸਗੋਂ ਇਹਨਾਂ ਨੂੰ ਲੱਭ ਰਹੀ ਹੋਵੇਗੀ। ਲਗਦਾ ਹੈ ਇਹਨਾਂ ਨੇ ਲੱਭ ਹੀ ਲਿਆ ਹੈ। ਇਹਨਾਂ ਦਾ ਚਿਹਰਾ ਦੱਸ ਰਿਹਾ ਹੈ ਕਿ ਇਹਨਾਂ ਦੀਆਂ ਅੱਖਾਂ ਦੀ ਤਲਾਸ਼ ਸੰਪੂਰਨ ਹੋ ਗਈ ਹੈ। ਮੈਂ ਸਾਫ਼ ਦੇਖ ਰਿਹਾ ਹਾਂ ਜੋ ਤੁਸੀਂ ਨਹੀਂ ਦੇਖ ਸਕਦੇ। ਇਹ ਕੋਈ ਬੁਝਾਰਤ ਨਹੀਂ। ਇਹ ਆਪਣੇ ਡੈਡ ਦੇ ਚਿਹਰੇ ਤੇ ਆਈ ਖ਼ੁਸ਼ੀ ਨੂੰ ਦੇਖ ਰਹੇ ਹਨ। ਹੁਣ ਇਹਨਾਂ ਨੇ ਆਪਣੇ ਡੈਡ ਤੇ ਉਸ ਨਾਲ ਬੈਠੀ ਆਪਣੀ ਮੌਮ ਵੱਲ ਹੱਥ ਹਿਲਾਇਆ ਹੈ ਤੇ ਅੱਗੋਂ ਡੈਡ ਨੇ ਵੀ"
"ਕੀ ਕਰਦੇ ਹੋ ਸਵੇਰੇ ਸਵੇਰੇ, ਕਿਸਨੂੰ ਹੱਥ ਹਿਲਾ ਰਹੇ ਹੋ?" ਮਨੂ ਚਾਹ ਦਾ ਕੱਪ ਲੈਕੇ ਮੇਰੇ ਬੈੱਡ ਕੋਲ ਖੜ੍ਹੀ ਸੀ। ਸਵੇਰੇ ਉਠਦਿਆਂ ਮੇਰੀ ਪਹਿਲੀ ਲੋੜ ਵੀ ਅੱਜ ਮੈਨੂੰ ਜ਼ਹਿਰ ਲੱਗ ਰਹੀ ਸੀ। ਮੈਂ ਉੱਭੜਵਾਹੇ ਉਠਿਆ। ਚਾਹ ਦਾ ਕੱਪ ਫੜ ਕੇ ਮੈਨੂੰ ਚੇਤਾ ਆਇਆ ਕਿ ਇਹ ਤੇ ਕੋਈ ਸੁਪਨਾ ਸੀ। ਮਿਸਟਰ ਰੰਧਾਵਾ ਤਾਂ ਆਪਣੇ ਕਮਰੇ ਵਿਚ ਟੂਪੈਕ ਦਾ ਮਿਊਜ਼ਿਕ ਸੁਣ ਰਿਹਾ ਸੀ। ਹੁਣ ਵੀ ਮੇਰੇ ਕੰਨਾਂ ਵਿਚ ਸਾਂ ਸਾਂ ਹੋ ਰਹੀ ਸੀ। ਰਲਗੱਡ ਹੋਈਆਂ ਅਵਾਜ਼ਾਂ ਦੀ ਪਹਿਚਾਣ ਹੌਲੀ ਹੌਲੀ ਉੱਘੜ ਰਹੀ ਸੀ।
" ਇਹ ਅੱਜ ਯੂਨੀਵਰਸਿਟੀ ਨਹੀਂ ਗਿਆ?"
"ਨਹੀਂ ਅੱਜ ਇਸਦਾ ਲੇਟ ਸਟਾਰਟ ਹੈ। ਮੇਰਾ ਤੇ ਅੱਜ ਸਟੌਮਿਕ ਅਪਸੈੱਟ ਹੈ ਤਾਹੀਏਂ ਮੈਂ ਕੰਮ ਤੇ ਨਹੀਂ ਗਈ ਪਰ ਤੁਸੀਂ ਕਿਹੜਾ ਸੁਪਨਾ ਵੇਖ ਰਹੇ ਸੀ?" ਮੈਂ ਮੁਸਕਰਾ ਪਿਆ। ਮੇਰੀ ਮੁਸਕਰਾਹਟ ਨੂੰ ਮਨੂ ਨੇ ਸੁਆਲੀਆ ਨਜ਼ਰ ਨਾਲ ਨਿਹਾਰਿਆ।
"ਮੈਂ ਸਾਰਾ ਸੁਪਨਾ ਲੂਣ ਮਿਰਚ ਲਾ ਕੇ ਸੁਣਾ ਦਿੱਤਾ।
"ਤੁਸੀਂ ਅਜੇ ਤੌਖਲਿਆਂ ਵਿਚ ਹੀ ਰਹੋ ਤਾਂ ਚੰਗਾ, ਐਵੇਂ ਬਾਦ ਵਿਚ ਤੁਹਾਡਾ ਦਿਲ ਕਰੈਕ ਨਾ ਜਾਵੇ।"
"ਨਹੀਂ ਹੁਣ ਕੋਈ ਡਰ ਨਹੀਂ।"
"ਕਿਉਂ ਐਡਾ ਕੀ ਇਹਨੇ ਹਦਵਾਣੇ ਵਿਚ ਤੀਰ ਮਾਰ ਦਿੱਤੈ?"
"ਇਹ ਤੀਰ ਇਹਨੇ ਨਹੀਂ ਮਾਰਿਆ, ਨਾ ਹੀ ਮੈਂ ਮਾਰਿਆ। ਬਸ ਇਹ ਸਮਝ ਲੈ ਕਿ ਇਹ ਤੀਰ ਕਿਸਮਤ ਨੇ ਹੀ ਚਲਾਇਆ। ਉਹ ਕਹਿੰਦੇ ਹਨ ਨਾ ਸਮਾਂ, ਭੂਤ ਜਾਂ ਭਵਿੱਖ ਨਹੀਂ ਹੁੰਦਾ। ਸਮਾਂ ਸਿਰਫ ਸਮਾਂ ਹੁੰਦਾ ਹੈ। ਜਦੋਂ ਤੁਸੀਂ ਸਮੇਂ ਦੇ ਵਿਚ ਆ ਜਾਂਦੇ ਹੋ, ਉਦੋਂ ਹੀ ਸਮਾਂ ਭੂਤ ਤੇ ਭਵਿੱਖ ਵਿਚ ਵੰਡਿਆ ਜਾਂਦਾ ਹੈ। ਜਿਹੜੀ ਕੱਲ ਤੂੰ ਦਾਲ ਬਣਾਈ ਸੀ ਨਾ ਉਹਦੇ ਵਿਚ ਮਿਰਚਾਂ ਜ਼ਿਆਦਾ ਸੀ ਪਰ ਫਿਰ ਵੀ ਸੁਆਦ ਸੀ।"
"ਮੈਨੂੰ ਕਦੇ ਕਦੇ ਭੌਚਕਾ ਜਿਹਾ ਪੈਂਦਾ ਹੈ ਕਿ ਤੁਹਾਡਾ ਦਿਮਾਗ ਹਿੱਲ ਗਿਆ ਹੈ। ਇਹ ਭੂਤ, ਭਵਿਖ ਵਿਚ ਦਾਲ ਕਿਥੋਂ ਆ ਗਈ? ਉਹ ਤੇ ਅਜੇ ਵੀ ਫਰਿਜ ਵਿਚ ਪਈ ਹੈ। ਤੇ ਨਾਲੇ ਇਹ ਉਮਰ ਹੁਣ ਮਿਰਚਾਂ ਖਾਣ ਵਾਲੀ ਨਹੀਂ ਰਹੀ। ਹੁਣ ਤਾਂ ਦਾਲ ਵੇਖ ਕੇ ਹੀ ਛਾਲਾਂ ਮਾਰ ਲਿਆ ਕਰੋ। ਨਾਲੇ ਦਾਲ ਖ਼ੁਸ਼ ਨਾਲੇ ਤੁਸੀਂ।"
"ਮੈਂ ਦਾਲ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤੇ ਉਸ ਵਿਚ ਪਈ ਜਾਂ ਪਾਈ ਮਿਰਚ ਬਾਰੇ ਸੋਚ ਰਿਹਾ ਹਾਂ। ਕਦੇ ਕਦੇ ਤਾਂ ਤੂੰ ਕਮਾਲ ਕਰਦੀਂ ਹੈਂ।"
"ਚਲੋ ਤੁਸੀਂ ਸੋਚੋ ਮਿਰਚ ਬਾਰੇ ਤੇ ਮੈਂ ਜਾਕੇ ਬਰੇਕ ਫਾਸਟ ਬਣਾਵਾਂ। ਹਾਂ ਇੱਕ ਗੱਲ ਹੋਰ ਵੀ ਕਹਿੰਦੀ ਜਾਵਾਂ। ਮਿਰਚ ਦਾਲ ਵਿਚ ਹੀ ਪਈ ਰਹੇ ਤਾਂ ਚੰਗਾ ਹੈ। ਨਿਰੀ ਮਿਰਚ ਤਾਂ ਕਲੇਜਾ ਲੂਹ ਦਿੰਦੀ ਹੈ।" ਇਤਨਾ ਕਹਿਕੇ ਮਨੂ ਨੇ ਖ਼ਾਲੀ ਕੱਪ ਚੁੱਕੇ ਤੇ ਕਮਰਿਉਂ ਬਾਹਰ ਹੋ ਗਈ। ਉਹਦੇ ਜਾਣ ਤੋਂ ਬਾਦ ਮੈਂ ਮਿਰਚ ਬਾਰੇ ਸੋਚਣ ਲੱਗ ਪਿਆ। ਜੇ ਮਿਰਚ ਨਾ ਹੁੰਦੀ ਤਾਂ ਕੀ ਨਵੀ ਨੇ ਯੂਨੀਵਰਸਿਟੀ ਜਾਣਾ ਸੀ? ਸ਼ਾਇਦ ਨਹੀਂ। ਮੈਂ ਤਾਂ ਡੰਡੇ ਮਾਰ ਮਾਰ ਇਸਨੂੰ ਪਸ਼ੂ ਹੀ ਬਣਾ ਦੇਣਾ ਸੀ। ਨਵੀ ਦੇ ਸਮੇਂ ਨੇ ਪਤਾ ਨਹੀਂ ਕੀ ਮਿੱਥ ਲਿਆ ਸੀ। ਗ਼ਲਤੀ ਕਿੱਥੇ ਹੋਈ ਸੀ। ਸ਼ਾਇਦ ਇਹ ਗ਼ਲਤੀ ਵਰ੍ਹਿਆਂ ਤੋਂ ਪੁੰਗਰਦੀ ਆ ਰਹੀ ਹੈ। ਇਸਨੂੰ ਬੀਜਣ ਦੀ ਲੋੜ ਨਹੀਂ। ਮੇਰੇ ਖ਼ੂਨ ਵਿਚ ਮੇਰਾ ਬਾਪ ਰਚਿਆ ਹੋਇਆ ਹੈ। ਉਸਨੂੰ ਤੇ ਮੈਂ ਬਾਹਰ ਕੱਢ ਹੀ ਨਹੀਂ ਸਕਦਾ। ਹਾਂ, ਪਰ ਉਸਦੇ ਚਲੇ ਆ ਰਹੇ ਤੇ ਮੇਰੇ ਅੰਦਰ ਵਗਦੇ ਖ਼ੂਨ ਦਾ ਨਵੀ ਵਿਚ ਪ੍ਰਵਾਹ ਕਰਨਾ ਜਾਇਜ਼ ਨਹੀਂ। ਮੈਂ ਬਥੇਰਾ ਸਬਰ ਕੀਤਾ। ਲਹੂ ਦੀਆਂ ਸੁਨਾਮੀਆਂ ਨੂੰ ਬੰਨ੍ਹ ਮਾਰੇ ਪਰ ਇਸ ਤਰ੍ਹਾਂ ਵੀ ਕਦੇ ਬੇਮੁਹਾਰੇ ਮੁਹਾਣ, ਦਿਸ਼ਾ ਬਦਲਦੇ ਹਨ? ਇਸ ਮੁਹਾਣ ਨੂੰ ਡਰ ਚਾਹੀਦਾ ਸੀ ਤੇ ਉਹ ਡਰ ਮੈਨੂੰ ਰੱਬ ਨੇ ਮੁਫ਼ਤ ਵਿਚ ਬਖ਼ਸ਼ ਦਿੱਤਾ। 'ਚੰਗਾ ਡੈਡ' ਬਣਨਾ ਮੈਂ ਸੋਚਦਾ ਸੀ ਪਰ ਮਿੱਥਦਾ ਨਹੀਂ ਸੀ ਪਰ ਮਿੱਥਣ ਤੋਂ ਬਗੈਰ ਕਿੱਥੇ ਮੁਕਤੀ ਹੁੰਦੀ ਹੈ? ਕਿਤਨੀ ਖ਼ਤਰਨਾਕ ਖੇਡ ਸੀ। ਅੱਜ ਵੀ ਜਦੋਂ ਯਾਦ ਕਰਦਾ ਹਾਂ ਤਾਂ ਝੁਣਝੁਣੀ ਆਉਂਦੀ ਹੈ। ਕਈ ਵਾਰ ਵਕਾਰ ਵਿਨਾਸ਼ ਵਿਚੋਂ ਵੀ ਮੁਕਤੀ ਪਾ ਲੈਂਦੇ ਹਨ। ਮੈਨੂੰ ਯਾਦ ਆਇਆ ਛੋਟੇ ਹੁੰਦਿਆਂ ਜਦੋਂ ਡੱਗੀ ਵਾਲੇ ਲੱਧੇ ਨੇ ਮੇਰੀ ਸ਼ਿਕਾਇਤ ਲਾਈ ਸੀ ਤਾਂ ਬਾਪੂ ਨੂੰ ਗੁੱਸੇ ਵਿਚ ਵੇਖਕੇ ਮੇਰਾ ਮੂਤ ਨਿਕਲ ਗਿਆ ਸੀ ਤੇ ਹੁਣ ਜੇ ਨਵੀ ਵੀ ਸਿਆਣਪ ਤੋਂ ਕੰਮ ਨਾ ਲੈਂਦਾ ਤਾਂ ਮੇਰਾ ਕੀ ਹੁੰਦਾ?ਇਹ ਵੀ ਪਤਾ ਨਹੀਂ ਕਿ ਇਹ ਨਵੀ ਦੀ ਸਿਆਣਪ ਸੀ ਜਾਂ ਮਨੂ ਦੀ। ਕੀ ਇਸ ਉਮਰ ਵਿਚ ਪੈਂਟ ਵਿਚ ਮੂਤਦਾ ਚੰਗਾ ਲਗਦਾ? ਸ਼ੁਕਰ ਹੈ ਕਿ ਮੈਂ ਬਚ ਗਿਆ ਹਾਂ। ਨਵੀ ਮੇਰਾ ਪੁੱਤਰ ਨਹੀਂ ਬਲਕਿ ਦੋਸਤ ਬਣਦਾ ਬਣਦਾ ਹੁਣ ਮੇਰਾ ਪਿਤਾ ਬਣ ਗਿਆ ਹੈ। ਮੈਂ ਉਸਦੀ ਸ਼ਰਨ ਕਬੂਲ ਕਰ ਲਈ ਹੈ।
ਭੂਤ ਲੰਘੇ, ਵਰਤਮਾਨ ਰਹੇ ਜਾਂ ਭਵਿੱਖ ਆਵੇ 'ਡਰਨਾ' ਤਾਂ ਅਡੋਲ ਆਪਣੇ ਖੇਤਾਂ ਵਿਚ ਖੜ੍ਹਾ, ਹਰ ਆ ਰਹੀ ਰੁੱਤ ਨੂੰ ਉਡੀਕਦਾ ਹੈ। ਡਰਨੇ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਤੇ ਨਾ ਉਹ ਆਪ ਬਣਦਾ ਹੈ। ਨਾ ਉਹ ਵਧਦਾ ਹੈ,ਨਾ ਘਟਦਾ ਹੈ, ਹਾਂ ਤੇਜ਼ ਹਨੇਰੀ ਨਾਲ ਡਿੱਗ ਜ਼ਰੂਰ ਪੈਂਦਾ ਹੈ ਤੇ ਸਮੇਂ ਦਾ ਹੁਕਮਰਾਨ ਉਸ ਡਿੱਗੇ ਨੂੰ ਫਿਰ ਖੜ੍ਹਾ ਕਰਕੇ ਹੋਰ ਡੂੰਘਾ ਗੱਡ ਦਿੰਦਾ ਹੈ। ਕਦੇ ਉੱਥੇ ਹੀ ਤੇ ਕਦੇ ਥੋੜਾ ਸਰਕਾ ਕੇ, ਪਰ ਡਰਨਾ ਰਹਿੰਦਾ ਹਮੇਸ਼ਾਂ ਖੇਤਾਂ ਦੇ ਵਿਚਕਾਰ ਹੀ ਹੈ।
ਸੱਤ ਸਾਲ ਪਹਿਲਾਂ ਮੋਹਲੇਧਾਰ ਵਰਖਾ ਨੇ ਅੱਤ ਹੀ ਕਰ ਦਿੱਤੀ ਸੀ ਤੇ ਮੈਂ ਧੜੱਮ ਕਰਕੇ ਡਿੱਗ ਪਿਆ ਸੀ। ਪਰਾਲੀ ਤੇ ਕੱਖਾਂ ਕਾਨਿਆਂ ਨੇ ਪਾਣੀ ਨਾਲ ਰਲ ਮਿਲ ਕੇ ਮੇਰੇ ਹੱਡ ਨੰਗੇ ਕਰ ਦਿੱਤੇ। ਸਿਲ੍ਹੇ ਮੌਸਮ ਨੇ ਗਰਮੀ ਦੀ ਤਪਸ਼ ਘਟਾ ਦਿੱਤੀ ਸੀ ਪਰ ਹੁਸੜ ਬਰਦਾਸ਼ਤ ਤੋਂ ਬਾਹਰ ਸੀ ਇਹਦੇ ਨਾਲੋਂ ਤਾਂ ਗਰਮੀ ਹੀ ਚੰਗੀ ਸੀ। ਹਰ ਕੋਈ ਖੁਸ਼ ਸੀ ਸਿਵਾਏ ਮੇਰੇ। ਮੈਨੂੰ ਡਿੱਗੇ ਪਏ ਨੂੰ ਵੇਖਕੇ, ਜਨੌਰਾਂ ਨੇ ਕਾਵਾਂ-ਰੌਲੀ ਪਾ ਦਿੱਤੀ ਸੀ। ਕਾਵਾਂ-ਰੌਲੀ ਮੇਰੇ ਵਲੋਂ ਵੀ ਸੁਣੀ ਜਾ ਰਹੀ ਸੀ ਪਰ ਇਹ ਮੈਨੂੰ ਦਿਸ ਨਹੀਂ ਰਹੀ ਸੀ। ਮੈਂ ਸੋਚਦਾ ਸੀ ਕਿ ਹੁਣ ਵੀ ਇਹ ਸ਼ੋਰ ਵਧਿਆ ਕਿ ਵਧਿਆ ਪਰ ਇਹ ਮੇਰਾ ਵਹਿਮ ਹੀ ਸੀ। ਉਹਨਾਂ ਭਾਣੇ ਮੈਂ ਬੜੀ ਵੱਡੀ ਤੋਪ ਸੀ। ਇਹਨਾਂ ਜਨੌਰਾਂ ਨੂੰ ਸਮਝ ਹੀ ਕਿਤਨੀ ਹੁੰਦੀ ਹੈ? ਪਰ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿਉਂਕਿ ਮੈਂ ਇਸ ਸ਼ੋਰ ਨੂੰ ਆਪਣੀ ਭਲੇਮਾਣਸੀ ਨਾਲ ਜਾਂ ਤੁਹਾਨੂੰ ਖੁੱਲ੍ਹ ਹੈ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੇਰੀ ਨਾਮਰਦੀ ਨੇ ਇਸ ਸ਼ੋਰ ਨੂੰ,ਮਹਿੰਗੇ ਭਾਅ ਖਰੀਦ ਲਿਆ ਸੀ। ਡਰਨੇ ਵਾਲੀ ਸਕੀਮ ਵੀ ਮੁੱਦਤਾਂ ਤੋਂ ਚੱਲੀ ਆ ਰਹੀ ਪਤਾ ਨਹੀਂ ਕਿਸ ਫੁੰਕਾਰ ਨੇ ਬਣਾਈ ਸੀ।
ਸੱਤ ਸਾਲ ਪਹਿਲਾਂ ਮਿਲੀ ਸੂਚਨਾ ਅੱਜ ਵੀ ਰੋਂਗਟੇ ਖੜੇ ਕਰ ਦਿੰਦੀ ਹੈ। ਸਾਰਾ ਦਿਨ ਦਿਮਾਗ ਤਪਿਆ ਰਿਹਾ ਸੀ। ਖੋਪੜੀ ਖੁਰਚ ਖੁਰਚ ਕੇ ਮੈਨੂੰ ਅਹਿਸਾਸ ਹੋਇਆ ਕਿ ਸ਼ੋਰ ਅਸਲ ਵਿਚ ਕਹਿੰਦੇ ਕਿਹਨੂੰ ਹਨ।
"ਜੀ ਉਹ ਸੁੱਤਾ ਪਿਆ। ਮੈਂ ਜਾਨੀ ਆ ਬਾਹਰ ਵੱਡੇ ਪੰਮੀ ਨੂੰ ਲੈ ਕੇ ਤੇ ਤੁਸੀਂ ਉਹਦੇ ਨਾਲ ਕਰੋ ਗੱਲ।" ਇਹ ਕਹਿਕੇ ਮਾਂ ਰੋਣ ਲੱਗ ਪਈ। ਰੋਂਦਿਆਂ ਰੋਂਦਿਆਂ ਉਹਦੀ ਘਿੱਗੀ ਬੱਝ ਗਈ।
"ਵੱਟ ਏ ਰਿਦਮ" ਮੈਂ ਕਹਿਕੇ ਹੱਸ ਪਿਆ। ਮੇਰੇ ਹਾਸੇ ਵਿਚ ਵੀ ਅੱਥਰੂ ਸਨ। ਕੜਾਕੇ ਦੇ ਸਿੱਲ੍ਹੇਪਨ ਨੇ ਸਾਡੀ ਮੱਤ ਮਾਰ ਲਈ ਸੀ। ਇਸੇ ਸਿੱਲ੍ਹੇਪਨ ਵਿਚ ਹੀ ਸਾਰੇ ਕੰਮ ਕਰ ਰਹੇ ਸਾਂ, ਸਮੇਤ ਹਾਸੇ ਦੇ। ਪਰ ਹੁਣ ਤੇ ਹੱਦ ਹੀ ਹੋ ਗਈ ਸੀ। ਮਹੀਨੇ ਵਿਚ ਤਿੰਨ ਵਾਰ ਮੁੰਡਾ ਸਸਪੈਂਡ ਹੋ ਚੁੱਕਾ ਸੀ। ਦੋ ਵਾਰ ਕੁੱਟ ਖਾ ਕੇ ਆਇਆ ਸੀ ਤੇ ਇੱਕ ਵਾਰ ਕੁੱਟਕੇ। ਕੁੱਟਿਆ ਉਸਨੇ ਵੀਰਵਾਰ ਸੀ ਜਿਸ ਦਿਨ ਉਸਨੇ ਘਰ ਦੀ ਕੱਢੀ ਦਾਰੂ ਵੀ ਪੀਤੀ ਸੀ। ਪਤਾ ਨਹੀਂ ਕੌਣ ਲਿਆਇਆ ਪਰ ਇਹ ਚਾਰ ਜਣੇ ਮਾਸੂਮ ਸਨ। ਪਤਾ ਨਹੀਂ ਕਿਹੜਾ ਜਿੰਨ ਦੇ ਗਿਆ ਪਰ ਇਹਨਾਂ ਪਿਉ ਦੇ ਪੁੱਤਾਂ ਨੇ ਚੁੱਪ ਰਹਿਣ ਦਾ ਆਪਣਾ ਅਧਿਕਾਰ ਵਰਤਦਿਆਂ ਉਸ ਜਿੰਨ ਦਾ ਨਾਮ ਨਹੀਂ ਦਸਿਆ।
ਪ੍ਰਿੰਸੀਪਲ ਦੇ ਸੱਦੇ ਤੇ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਗੁਰਦਾਸ ਮਾਨ ਦਾ ਗਾਣਾ ਸੁਣ ਰਿਹਾ ਸੀ। ਗਾਣੇ ਦੀ ਲੈਅ ਤੇ ਮੈਨੂੰ ਸਮਝ ਨਹੀਂ ਪੈ ਰਹੀ ਸੀ ਪਰ ਕੋਈ ਬੂਟ ਪਾਲਿਸ਼ਾਂ ਵਾਲੀ ਗੱਲ ਸੀ। ਬੂਟ ਪਾਲਿਸ਼ਾਂ ਨੇ ਮੇਰੀ ਬਿਰਤੀ ਬਚਪਨ ਨਾਲ ਜੋੜ ਦਿੱਤੀ। ਸਾਡਾ ਸਕੂਲ ਨੌ ਵਜੇ ਲਗਦਾ ਸੀ ਤੇ ਇਸਤੋਂ ਪਹਿਲਾਂ ਮੈਂ ਬਾਪੂ ਦੇ ਮੋਟਰ ਸਾਇਕਲ ਤੇ ਗਿੱਲਾ ਕੱਪੜਾ ਫੇਰਦਾ ਤੇ ਫਿਰ ਵੱਡੇ ਭਾਊ ਦੇ ਤੇ ਬਾਪੂ ਦੇ ਬੂਟ ਲਿਸ਼ਕਾਉਂਦਾ। ਉਹਦੋਂ ਧੰਨਵਾਦ ਕਹਿਣ ਦਾ ਰਿਵਾਜ ਹੀ ਨਹੀਂ ਸੀ ਪਰ ਜੇ ਕਿਤੇ ਬੂਟ ਚੰਗੀ ਤਰ੍ਹਾਂ ਨਾ ਲਿਸ਼ਕਦੇ ਤਾਂ ਛਿਤਰੌਲ ਜਰੂਰ ਹੋ ਜਾਂਦੀ ਸੀ। ਛਿੱਤਰਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਸਿਰਫ ਮੈਂ ਇਹ ਚਾਹੁੰਦਾ ਸੀ ਕਿ ਛਿੱਤਰ ਪੈਣ ਵੇਲੇ ਉਹਦੀ ਅਵਾਜ਼ ਬਾਹਰ ਨਾ ਜਾਵੇ ਤੇ ਫੇਰ ਇਹ ਝਾਕਾ ਵੀ ਲੱਥ ਗਿਆ। ਬੰਦਾ ਕਿਤਨਾ ਕੁ ਚਿਰ ਦੁਨੀਆਂ ਨੂੰ ਬੇਵਕੂਫ਼ ਬਣਾ ਸਕਦਾ ਹੈ? ਨਾਲੇ ਮੈਂ ਕਿਹੜਾ ਬਿਗਾਨੇ ਕੋਲੋਂ ਖਾਂਦਾ ਸੀ ਫਿਰ ਇਹਦਾ ਵੀ ਹੱਲ ਲੱਭ ਪਿਆ। ਮੈਂ ਇਹ ਰਾਜ਼ ਆਪਣੇ ਆੜੀ ਧਿਆਨ ਨਾਲ ਸਾਂਝਾ ਕੀਤਾ। ਉਹਨੇ ਜਿਹੜੀ ਸਲਾਹ ਦਿੱਤੀ ਉਹ ਬੜੀ ਖ਼ਤਰਨਾਕ ਸੀ ਪਰ ਮੈਂ ਸੋਚਿਆ ਹਰਜ ਵੀ ਕੀ ਹੈ? ਮੈਂ ਰਾਤ ਹੀ ਮੋਮਜਾਮੀ ਦਰੀ ਥੱਲੇ ਰੱਖ ਲਈ। ਸਵੇਰੇ ਕੁੱਕੜ ਬਾਂਗ ਨਾਲ ਹੀ ਮੈਂ ਉੱਠ ਪਿਆ। ਦਾਣਾ ਵੱਟ ਕੇ ਚਾਹ ਨਾਲ ਅੰਦਰ ਸੁੱਟਿਆ ਤੇ ਬੂਟ ਪਾਲਿਸ਼ ਕਰਨ ਲੱਗ ਪਿਆ। ਬਾਪੂ ਦੇ ਬੂਟ ਮੈਂ ਜਾਣ ਕੇ ਕਾਲੇ ਤੋਂ ਲਾਖੇ ਕਰ ਦਿੱਤੇ। ਬਾਪੂ ਨਾਲ ਕੋਈ ਨਿੱਜੀ ਦੁਸ਼ਮਣੀ ਥੋੜਾ ਸੀ, ਮੈਂ ਤੇ ਤਜਰਬਾ ਹੀ ਕਰ ਰਿਹਾ ਸੀ। ਮੋਟਰ ਸਾਇਕਲ ਨੂੰ ਮੈਂ ਜਾਣਕੇ ਗੰਦੇ ਕਪੜੇ ਨਾਲ ਹੋਰ ਵੀ ਲਿਸ਼ਕਾ ਦਿੱਤਾ। ਬੱਸ ਜੀ ਛਿੱਤਰ ਖਾਣ ਦਾ ਸੁਆਦ ਆ ਗਿਆ। ਮੈਨੂੰ ਤੇ ਸਗੋਂ ਹਾਸਾ ਆ ਰਿਹਾ ਸੀ ਪਰ ਇੱਕ ਗੜਬੜ ਹੋ ਗਈ। ਬਾਪੂ ਨੇ ਆਖਰੀ ਛਿੱਤਰ ਮਾਰਨ ਤੋਂ ਬਾਅਦ ਮੇਰੀ ਜੂੜੀ ਫੜ ਕੇ ਘੁੰਮਾ ਦਿੱਤੀ। ਬੀਬੀ ਨੇ ਬੜੀ ਰੀਝ ਨਾਲ ਮੀਡੀਆਂ ਕਸਕੇ ਬੰਨ੍ਹੀਆਂ ਸਨ। ਕਸਕੇ ਬੰਨ੍ਹੀਆਂ ਮੀਡੀਆਂ ਤਾਜ਼ੀਆਂ ਤਾਜ਼ੀਆਂ ਤਾਂ ਥੋੜਾ ਔਖੀਆਂ ਕਰਦੀਆਂ ਸਨ ਪਰ ਬਾਅਦ ਵਿਚ ਸਾਰਾ ਦਿਨ ਅਰਾਮ ਰਹਿੰਦਾ ਸੀ ਜਿਵੇਂ ਮਰਜ਼ੀ ਖੇਡੀ ਮੱਲੀ ਜਾਵੋ ਮਜ਼ਾਲ ਹੈ ਕੋਈ ਮੀਡੀ ਹਿੱਲ ਵੀ ਜਾਵੇ। ਬਾਪੂ ਨੂੰ ਸ਼ਾਇਦ ਆਪਣਾ ਚੇਤਾ ਭੁੱਲ ਗਿਆ ਸੀ ਤੇ ਉਸਨੇ ਅਣਭੋਲ ਹੀ ਮੀਡੀਆਂ ਢਿੱਲੀਆਂ ਕਰ ਦਿੱਤੀਆਂ। ਪਤਾ ਨਹੀਂ ਬਾਪੂ ਹੋਰਾਂ ਅਣਭੋਲ ਹੀ ਕੀਤੀਆਂ ਸਨ ਜਾਂ ਕੋਈ ਆਪਣੇ ਬਚਪਨ ਦੀ ਕਿੜ ਕੱਢੀ ਸੀ ਰਾਮ ਹੀ ਜਾਣੇ।
ਸਕੂਲ ਜਾਣ ਵੇਲੇ ਮੈਨੂੰ ਪੀੜ ਘੱਟ ਪਰ ਦੁੱਖ ਬਹੁਤਾ ਸੀ। ਮੇਰੇ ਸਾਰੇ ਵਾਲ ਡੋਰ ਦੇ ਪਿੰਨੇ ਵਾਂਗ ਉਲਝ ਗਏ ਸਨ। ਸਕੂਲ ਦੇ ਰਾਹ ਵਿਚ ਮੈਂ ਖੇਤਾਂ ਵਿਚ ਪਹਿਰਾ ਦਿੰਦਾ 'ਡਰਨਾ' ਵੇਖਿਆ। ਡਰਨੇ ਦੇ ਸਿਰ ਵਿਚਲੀ ਉੱਦੜ ਦੁੱਗੜ ਪਰਾਲੀ ਵੇਖਕੇ ਮੈਨੂੰ ਲੱਗਾ ਜਿਵੇਂ ਮੇਰਾ ਜੁੜਵਾਂ ਭਰਾ ਖੜ੍ਹਾ ਹੈ। ਵੈਸੇ ਮੇਰਾ ਜੁੜਵਾਂ ਭਰਾ ਹੈ ਕੋਈ ਵੀ ਨਹੀਂ ਪਰ ਇਸ ਡਰਨੇ ਨੂੰ ਵੀ ਬਾਪੂ ਨੇ ਹੀ ਬਣਾਇਆ ਸੀ ਜਿਵੇਂ ਕੁਸ਼ ਵਿਚ ਬਾਲਮੀਕੀ ਨੇ ਰੂਹ ਫੂਕ ਦਿੱਤੀ ਹੋਵੇ। ਨਸ਼ਾ ਖਿੜ ਚੁੱਕਾ ਸੀ। ਗੁੜ ਦੀ ਰੋੜੀ ਮੈਂ ਮੂੰਹ ਵਿਚ ਪਾ ਲਈ।
*********
ਚਲਦਾ
No comments:
Post a Comment