ਕਹਾਣੀ
ਭਾਗ ਤੀਜਾ
"ਤੇ ਫਿਰ ਤੂੰ ਕੀ ਫੈਸਲਾ ਕੀਤਾ। ਇਸਤਰ੍ਹਾਂ ਹੀ ਫਾਈਟ ਕਰਨੀ ਹੈ, ਸਕੂਲੇ ਦਾਰੂ ਪੀਣੀ ਹੈ ਜਾਂ ਮੇਰੀ ਗੱਲ ਸੁਣਨੀ ਹੈ।" ਮੈਂ ਤਰਲਿਆਂ ‘ਤੇ ਉਤਰ ਆਇਆ।
"ਡੈਡ ਜਸਟ ਟੇਕ ਇਟ ਇਜ਼ੀ। ਸਭ ਠੀਕ ਹੋ ਜਾਵੇਗਾ। ਬਲੀਵ ਮੀ। ਮੈ ਨਵਾਂ ਹਾਂ ਤੇ ਉਹ ਮੈਨੂੰ ਸੌਫਟ ਸਮਝਦੇ ਹਨ। ਸਮਾਂ ਪਾਕੇ ਉਹਨਾਂ ਨੂੰ ਪਤਾ ਲੱਗ ਹੀ ਜਾਵੇਗਾ ਕਿ ਮੈਂ ਹਾਰਡ ਕੋਰ ਹਾਂ,ਫਿਰ ਉਹ ਮੈਨੂੰ ਤੰਗ ਨਹੀਂ ਕਰਨਗੇ।" ਫੋਨ ਫਿਰ ਆ ਗਿਆ। "ਕੀ ਬਣਿਆ?" ਮਨੂ ਨੇ ਪੁੱਛਿਆ।
"ਪੰਚਰ ਲਾ ਦਿੱਤਾ ਹੈ ਪਰ ਟਿਊਬ ਨਹੀਂ ਬਦਲੀ।" ਮੈਂ ਖਿਝ ਕੇ ਕਿਹਾ।
"ਡੈਡ ਤੂੰ ਕਹਿੰਦਾ ਸੀ ਨਵੰਬਰ ਵਿਚ ਮੈਨੂੰ ਆਈ-ਪੌਟ ਲੈ ਕੇ ਦੇਵੇਂਗਾ। ਚਲੀਏ ਫਿਰ ਅੱਜ?" "ਚਲ ਹੋ ਜਾ ਤਿਆਰ। ਲੰਚ ਤੋਂ ਬਾਦ ਚਲਦੇ ਹਾਂ।" ਮੈਂ ਵੀ ਸੁਲਾਹ ਦੇ ਮੂਡ ਵਿਚ ਸੀ ਤੇ ਨਵੀ ਵੀ ਖ਼ੁਸ਼ ਹੋ ਗਿਆ। ਅਸੀਂ ਦੋਵੇਂ ਹੀ ਵਿਨਰ ਸੀ। ਮੈਨੂੰ ਆਪਣੀ ਹਾਰ ਤੇ ਪਰਦਾ ਪਾਉਣ ਲਈ ਚਾਰ ਸੌ ਡਾਲਰ ਖ਼ਰਚਣੇ ਪਏ। ਮਨੂੰ ਆ ਗਈ, ਉਸਨੇ ਫਿਰ ਉਹੋ ਪੁੱਛਿਆ, 'ਕੀ ਬਣਿਆ'। ਮੇਰਾ ਮੁਸਕਰਾਉਂਦਾ ਬੂਥਾ ਵੇਖਕੇ ਉਸਨੂੰ ਆਸ ਸੀ ਕਿ ਫਸਿਆ ਗੱਡਾ ਨਿਕਲ ਗਿਆ ਹੈ।
"ਬਸ ਡੈਡਲੌਕ ਜਿਹਾ ਹੋ ਗਿਆ। ਵਾਰਤਾ ਕਾਮਯਾਬ ਨਹੀਂ ਹੋਈ। ਪਰ ਘਬਰਾਉਣ ਦੀ ਲੋੜ ਨਹੀਂ। ਆਪਾਂ ਕੇਸ ਯੂ.ਐੱਨ.ਓ. ਵਿਚ ਭੇਜਾਂਗੇ, ਸ਼ਾਇਦ ਉਹ ਹੀ ਕੋਈ ਨੇਕ ਸਲਾਹ ਦੇਣ।"
ਰਸਤੇ ਵਿਚ ਕੋਈ ਕੁਝ ਵੀ ਨਹੀ ਬੋਲਿਆ। ਹਰ ਕੋਈ ਮਸਤ ਸੀ। ਆਪੋ ਆਪਣੇ ਭਕਾਨੇ ਫਲਾਈ ਅਸੀਂ ਅਜਨਬੀ ਜਿਹੇ ਮਹਿਸੂਸ ਕਰ ਰਹੇ ਸਾਂ। ਮੈਂ ਸੋਚ ਰਿਹਾ ਸੀ ਕਿ ਨਵੀ ਨੇ ਐਸੀ ਕਿਹੜੀ ਸ਼ਰਾਰਤ ਕੀਤੀ ਹੈ ਜੋ ਮੈਂ ਇਸ ਉਮਰ ਵਿਚ ਨਹੀਂ ਕੀਤੀ ਸੀ ਜਾਂ ਐਸੀ ਕੋਈ ਸ਼ਰਾਰਤ ਸੀ ਜੋ ਮੈਂ ਕੀਤੀ ਹੋਵੇ ਤੇ ਬਾਪੂ ਨੇ ਆਪਣੇ ਟਾਈਮ ਵਿਚ ਨਾ ਕੀਤੀ ਹੋਵੇ। ਫਰਕ ਸਿਰਫ਼ ਡਰ ਦਾ ਹੈ। ਇੱਕ ਡਰ ਦੀ ਡੋਰ ਜੋ ਮੁੱਦਤਾਂ ਤੋਂ ਚਲੀ ਆ ਰਹੀ ਸੀ ਉਸ ਡੋਰ ਨਾਲ ਆਪਣੀ ਪਤੰਗ ਉਡਾਉਣ ਲਈ ਨਵੀ ਇਨਕਾਰੀ ਸੀ। ਮੈਂ ਤਾਂ ਇਹ ਚਾਹੁੰਦਾ ਸੀ ਕਿ ਨਵੀ ਇਸ ਦਾਦਾਗਿਰੀ ਨੂੰ ਮੰਨਣ ਤੋਂ ਇਨਕਾਰ ਨਾ ਕਰੇ। ਚਲੋ ਨਾ ਵੀ ਮੰਨੇ ਪਰ ਦਲੀਲਬਾਜ਼ ਤਾਂ ਨਾ ਹੋਵੇ, ਉਹ ਵੀ ਆਪਣੇ ਪਿਉ ਨਾਲ। ਮੈਂ ਕਿਤਨੀਆਂ ਮੁਸ਼ਕਲਾਂ ਝੱਲੀਆਂ। ਇੱਕ ਤਾਂ ਦਿਲ ਕਰਦਾ ਸੀ ਨਵੀ ਨੂੰ ਸਾਰਾ ਕੁਝ ਦੱਸ ਦੇਵਾਂ। ਇਹ ਵੀ ਦਸ ਦੇਵਾਂ ਕਿ ਉਹਦੀ ਮੌਮ ਮੇਰੇ ਅੱਗੇ ਕਿਉਂ ਚਬਰ ਚਬਰ ਕਰਦੀ ਹੈ ਤੇ ਮੈਂ ਉਸਦੀ ਸੁਣੀ ਵੀ ਕਿਉਂ ਜਾ ਰਿਹਾ ਹਾਂ? ਮੈਂ ਇਹ ਝੂਠ ਦੀ ਜ਼ਿੰਦਗੀ ਜੀਅ ਹੀ ਕਿਉਂ ਰਿਹਾ ਹਾਂ? ਕੀ ਮੈਂ ਸਿਰਫ ਇਸ ਲਈ ਨਿਆਣਿਆਂ ਨਾਲ ਝੂਠੀ ਜ਼ਿੰਦਗੀ ਜੀ ਰਿਹਾ ਹਾਂ ਕਿਉਂਕਿ ਇਸ ਉਮਰ ਵਿਚ ਉਹ ਸੱਚ ਨੂੰ ਹੈਵੀ ਡੋਜ਼ ਨਾ ਸਮਝ ਲੈਣ? ਇਹ ਵੀ ਕੀ ਗੱਲ ਹੋਈ ਕਿ ਆਪਣੀਆਂ ਕਦਰਾਂ ਦੀ ਖਾਤਰ ਝੂਠ ਬੋਲੀ ਜਾਉ। ਪਰ ਮੈਨੂੰ ਲਗਦਾ ਸੀ ਕਿ ਨਿਆਣਿਆਂ ਨੂੰ ਸਭ ਪਤਾ ਹੈ। ਮੇਰੀ ਆਪਣੀ ਤੇ ਖਾਨਦਾਨ ਦੀ ਝੂਠੀ ਹਊਮੈ ਦਾ ਜਲੂਸ ਕਦੋਂ ਦਾ ਨਿਕਲ ਚੁੱਕਾ ਹੈ। ਉਹ ਸਭ ਜਾਣਦੇ ਹਨ ਤੇ ਇਸ ਮਲਬੇ ਵਿਚੋਂ ਆਪਣਾ ਜੀ ਪਰਚਾਉਂਣ ਲਈ ਉਹੋ ਕੁਝ ਚੁਣ ਰਹੇ ਹਨ ਜੋ ਉਹਨਾਂ ਦੀ ਲੋੜ ਹੈ। ਮੇਰੀ ਲੋੜ ਦੀ ਸਮਝ ਉਹਨਾਂ ਨੂੰ ਨਹੀਂ ਆ ਰਹੀ।
ਮਲਬੇ ਵਿਚੋਂ ਮੈਂ ਸਚਾਈ ਦੀਆਂ ਕਿੰਕਰਾਂ ਲੱਭ ਲੱਭ ਕੇ ਉਹਨਾਂ ਨੂੰ ਕੁਝ ਹਲੂਣਾ ਦੇਣ ਲਈ ਤਰਲੋਮੱਛੀ ਹੋਇਆ ਰਹਿੰਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਆਪਣੀ ਜਾਤ ਪਛਾਨਣ ਤੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਸ਼ਰੀਕਾਂ ਨੂੰ ਕੁਝ ਬਣ ਕੇ ਦਿਖਾਉਣ। ਸ਼ਰੀਕ ਤਾਂ ਸਿਰਫ ਸੂਰਮਿਆਂ ਤੋਂ ਡਰਦੇ ਹਨ ਤੇ ਸੂਰਮੇ ਨੇ ਚਾਰ ਸੌ ਡਾਲਰ ਦਾ ਖ਼ਰੀਦਿਆ ਆਈ-ਪੌਟ ਵੇਚਕੇ ਕੀ ਕੀਤਾ ਇਹ ਤੇ ਪਤਾ ਨਹੀਂ ਪਰ ਇੱਕ ਯੁੱਧ ਜ਼ਰੂਰ ਖਰੀਦ ਲਿਆ। ਪ੍ਰਿੰਸੀਪਲ ਉਸ ਯੁੱਧ ਦਾ ਰੈਫਰੀ ਬਣ ਗਿਆ। ਮੇਰਾ ਸੈੱਲ ਜਦੋਂ ਵੀ ਖੜਕਦਾ ਮੇਰਾ ਤਰਾਹ ਨਿਕਲ ਜਾਂਦਾ।
"ਤੇਰੀ ਉਮਰ ਅਜੇ ਪੰਦਰਾਂ ਸਾਲ ਦੀ ਹੈ ਤੇ ਇਹ ਕੁੱਤੇ-ਖਾਣੀ ਰੋਜ਼ ਦਾ ਕਸਬ ਬਣ ਗਈ ਹੈ।"ਮੈਂ ਨਵੀ ਦੇ ਕਮਰੇ ਵਿਚ ਟੰਗੇ ਬਦਮਾਸ਼ ਜਿਹੇ ਟੂਪੈਕ ਦਾ ਪੋਸਟਰ ਬੇਦਰਦੀ ਨਾਲ ਧੂਹ ਕੇ ਲਾਹਿਆ ਤੇ ਕਮਰੇ ਵਿਚੋਂ ਬਾਹਰ ਸੁੱਟ ਦਿੱਤਾ। ਮੇਰੀ ਗੁਸਤਾਖ਼ੀ ਨੂੰ ਸਕਾਰਫੇਸ ਦਾ ਸਪੈਨਿਸ਼ ਟੋਨੀ ਮੈਨਟੈਨਾ ਦੇਖ ਰਿਹਾ ਸੀ। ਚਿੱਟਾ ਸੂਟ ਪਾਈ ਕੁਰਸੀ ਤੇ ਆਪਣੇ ਸਾਥੀਆਂ ਵਿਚ ਘਿਰੇ ਬੈਠੇ ਨੇ ਕਮਰੇ ਦੀ ਦੂਸਰੀ ਕੰਧ ਮੱਲੀ ਹੋਈ ਸੀ। ਨਵੀ ਨੇ ਉਸ ਪੋਸਟਰ ਵੱਲ ਵੇਖਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਸਟੂਪਿਡ ਡੈਡ ਕਦੋਂ ਉਸਨੂੰ ਵੀ ਨੋਚਦਾ ਹੈ। ਉਸਨੂੰ ਬਹੁਤੀ ਇੰਤਜ਼ਾਰ ਨਹੀਂ ਕਰਨੀ ਪਈ। ਫੈਮਿਲੀ ਇੱਕਠੀ ਹੋ ਗਈ। ਫੈਮਿਲੀ ਦੇ ਸਾਰੇ ਮੈਂਬਰ ਇਸ ਐਪੀਸੋਡ ਬਾਰੇ ਆਪੋ ਆਪਣੇ ਵਿਚਾਰ ਰਖਦੇ ਸਨ। ਪਰ ਮੇਰਾ ਨਹੀਂ ਖ਼ਿਆਲ ਉਨ੍ਹਾਂ ਵਿਚੋਂ ਕੋਈ ਵੀ ਮੇਰੇ ਨਾਲ ਸਹਿਮਤ ਹੋਵੇ, ਠੀਕ ਉਸੇ ਤਰ੍ਹਾਂ ਜਿਵੇਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸਾਂ। ਇਹ ਪੋਸਟਰ ਮਨੂ ਨੇ ਹੀ ਖ਼ਰੀਦ ਕੇ ਨਵੀ ਨੂੰ ਦਿੱਤੇ ਸਨ। ਉਦੋਂ ਮੈਂ ਵੀ ਇਤਰਾਜ਼ ਨਹੀਂ ਕੀਤਾ ਸੀ। ਮੇਰੇ ਇਤਰਾਜ਼ ਦੀ ਕੋਈ ਵਜ਼੍ਹਾ ਵੀ ਨਹੀਂ ਸੀ। ਹੁਣ ਵੀ ਦੂਸਰੇ ਕਮਰੇ ਵਿਚ 'ਰੈਪਰ ਫਿਫਟੀ ਸੈਂਟ' ਦਾ ਪੋਸਟਰ ਲੱਗਿਆ ਹੋਇਆ ਸੀ। ਉਸ ਤੇ ਮੈਨੂੰ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਸਦਾ ਪ੍ਰਸੰਸਕ ਪੜ੍ਹਾਈ ਵਿਚ ਠੀਕ ਸੀ ਤੇ ਯੂਨੀਵਰਸਿਟੀ ਪਹੁੰਚ ਚੁੱਕਾ ਸੀ। ਪਰ ਇਹ ਟੂਪੈਕ ਤੇ ਪੂਰਾ ਬਦਮਾਸ਼ ਸੀ। ਜਦੋਂ ਵੀ ਨਵੀ ਟੂਪੈਕ ਦੀ ਸੀਡੀ ਲਾਉਂਦਾ ਹੋਰ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਪਰ ਉਹਦਾ ਬਾਰ ਬਾਰ ਮਦਰ ਫ਼ਕਰ ਕਹਿੰਣਾ, ਮੇਰਾ ਬਲੱਡ ਪਰੈਸ਼ਰ ਜ਼ਰੂਰ ਵਧਾ ਦਿੰਦਾ।
"ਡੈਡ ਮੇਰੀ ਉਮਰ ਪੰਦਰਾਂ ਸਾਲ ਨਹੀਂ ਹੈ।" ਮੇਰੀ ਗੱਲ ਦੇ ਜੁਆਬ ਵਿਚ ਨਵੀ ਨੇ ਘਰੋੜ ਕੇ ਪਰ ਬਿਨ੍ਹਾਂ ਚੀਕਣ ਤੋਂ ਕਿਹਾ।
"ਤੇ ਹੋਰ ਕਿਤਨੀ ਹੈ?" " ਮੇਰੀ ਉਮਰ ਪੰਜਤਾਲੀ ਸਾਲ ਹੈ। ਤੇਰੇ ਤੋਂ ਥੋੜ੍ਹਾ ਹੀ ਛੋਟਾ ਹਾਂ।" "ਉਹ ਕਿਵੇਂ?"
" ਕੁੱਤੇ ਦੀ ਉਮਰ ਨੂੰ ਤਿੰਨ ਗੁਣਿਆਂ ਨਾਲ ਨਾਪਿਆ ਜਾਂਦਾ ਹੈ। ਉਸ ਹਿਸਾਬ ਨਾਲ ਮੈਂ ਪੰਜਤਾਲੀ ਸਾਲ ਦਾ ਹਾਂ। ਤੂੰ ਮੈਨੂੰ ਕੁੱਤਾ ਸਮਝਦਾ ਹੀ ਨਹੀਂ ਸਗੋਂ ਮੈਨੂੰ ਵੀ ਯਕੀਨ ਕਰਾ ਰਿਹਾ ਹੈਂ ਤੇ ਮੈਂ ਆਪਣੇ ਆਪ ਨੂੰ ਕੁੱਤਾ ਹੀ ਸਮਝਣ ਲੱਗ ਪਿਆ ਹਾਂ।"ਇਤਨਾ ਕਹਿਕੇ ਨਵੀ ਨੇ ਫਟੇ ਹੋਏ ਪੋਸਟਰ ਇਕੱਠੇ ਕੀਤੇ ਤੇ ਪੌੜੀਆਂ ਉਤਰ ਗਿਆ। ਮਗਰੇ ਮਗਰ ਮਨੂ ਵੀ ਵੱਡੀ ਸਾਰੀ 'ਹੂੰ' ਕਹਿਕੇ ਨਵੀ ਦੇ ਮਗਰ ਉਤਰ ਗਈ। ਬਾਕੀ ਬਚਿਆ ਮੈਂ ਤੇ ਮੇਰਾ ਸਪੁੱਤਰ ਪੰਮੀ। ਮੈਂ ਅਜੇ ਸੋਚ ਹੀ ਰਿਹਾ ਸੀ ਜਦੋਂ ਪੰਮੀ ਵੀ ਵਾਕ-ਆਊਟ ਕਰਕੇ ਵਿਰੋਧੀ ਧਿਰ ਵਿਚ ਸ਼ਾਮਲ ਹੋ ਗਿਆ। ਮੈਂ ਇੱਕਲਾ ਹੀ ਰਹਿ ਗਿਆ।
ਦੁਨੀਆਂ ਵਿਚ ਇਕੱਲੇ ਹੀ ਆਈਦਾ ਹੈ ਤੇ ਇਕੱਲੇ ਹੀ ਜਾਈਦਾ ਹੈ। ਇਹ ਤਰਕ ਆਪਣੇ ਆਪ ਹੀ ਉਭਰਦਾ ਹੈ। ਮੇਰੇ ਕੇਸ ਵਿਚ ਵੀ ਉਭਰਿਆ। ਮੈਂ ਸੁਣਿਆ, ਨਵੀ ਸੋਸ਼ਲ ਵਰਕਰ ਨਾਲ ਫੋਨ ਤੇ ਹਾਊਸਿੰਗ ਬਾਰੇ ਕੋਈ ਵਿਚਾਰ ਵਿਮਰਸ਼ ਕਰ ਰਿਹਾ ਸੀ। ਮੈਂ ਆਪਣੇ ਆਪ ਨੂੰ ਧੱਕ ਕੇ ਪਰ੍ਹਾਂ ਕੀਤਾ ਤੇ ਗੁੱਸੇ ਨਾਲ ਥਲੇ ਉਤਰਿਆ। ਭਾਂਡਿਆਂ ਵਾਲੀ ਟੋਕਰੀ ਵਿਚ ਕਾਰਨਵਾਲ ਦੀਆਂ ਫੁੱਲ-ਪਲੇਟਾਂ ਪਈਆਂ ਸਨ। ਮੇਰਾ ਦਿਲ ਕੀਤਾ ਇਹਨਾਂ ਨੂੰ ਤੋੜ ਕੇ ਆਪਣਾ ਗੁੱਸਾ ਅੱਧਾ ਕਰਾਂ ਫਿਰ ਸੋਚਿਆ ਜੇ ਇੱਕ ਪਲੇਟ ਤਿੰਨ ਡਾਲਰ ਦੀ ਵੀ ਹੋਵੇ ਤਾਂ ਸੱਤ ਪਲੇਟਾਂ ਇੱਕੀ ਡਾਲਰ ਦੀਆਂ ਹਨ ਤੇ ਜੇ ਇੱਕੀਆਂ ਵਿਚ ਤਿੰਨ ਡਾਲਰ ਹੋਰ ਪਾਈਏ ਤਾਂ ਛੱਬੀ ਔਂਸ ਦੀ ਬੋਤਲ ਆ ਜਾਂਦੀ ਹੈ। ਪਰ ਅੱਜ ਤੇ ਮੇਰੇ ਤੇ ਭੂਤ ਸਵਾਰ ਸੀ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਂ ਟੋਕਰੀ ਚੁੱਕ ਕੇ ਫ਼ਰਸ਼ ‘ਤੇ ਪਟਕ ਦਿੱਤੀ ਤੇ ਸਾਰੀਆਂ ਪਲੇਟਾਂ ਘੀਚਰ ਹੋ ਗਈਆਂ। ਮੈਂ ਘਰ ਵਿਚ ਜੰਗ ਦਾ ਐਲਾਨ ਕਰ ਦਿੱਤਾ ਸੀ। ਮੈਨੂੰ ਪਤਾ ਹੀ ਸੀ ਕਿ ਅੱਗੋਂ ਕੀ ਹੋਣਾ ਹੈ। ਇਹ ਹਮੇਸ਼ਾਂ ਇੱਕ ਤਰਫ਼ਾ ਗੋਲੀਬਾਰੀ ਹੀ ਹੁੰਦੀ ਸੀ। ਆਸ ਮੁਤਾਬਕ ਮੈ ਸੋਫੇ ਤੇ ਬੈਠ ਕੇ ਸੋਚਿਆ ਕਿ ਮਨੂ ਹੁਣੇ ਪਾਣੀ ਦਾ ਗਲਾਸ ਲੈ ਕੇ ਆਵੇਗੀ। ਨਿਆਣਿਆਂ ਨੂੰ ਝਿੜਕੇਗੀ। ਨਿਆਣੇ ਮੇਰੇ ਕੋਲ ਆਉਣਗੇ। 'ਸੌਰੀ ਡੈਡ' ਕਹਿਣਗੇ। ਫਿਰ ਮੇਰੀਆਂ ਅੱਖਾਂ ਵਿਚ ਆਏ ਅੱਥਰੂ ਵੇਖਕੇ ਮਨੂ ਵੀ ਰੋਣ ਲੱਗ ਪਵੇਗੀ ਤੇ ਪੰਮੀ ਛੋਟੇ ਨਵੀ ਨੂੰ ਝਿੜਕੇਗਾ। ਨਵੀ ਫਿਰ ਨਵੇਂ ਸਿਰਿਉਂ ਸੌਰੀ ਕਹੇਗਾ। ਤੇ ਮੈਂ ਉਸਨੂੰ ਜੱਫੀ ਪਾ ਲਵਾਂਗਾ।
ਪਰ ਐਸਾ ਕੁਝ ਵੀ ਨਹੀਂ ਹੋਇਆ। ਪਲੇਟਾਂ ਦੀਆਂ ਕਿਰਚਾਂ ਲਿਵ-ਰੂਮ ਤੱਕ ਆਈਆਂ ਪਈਆਂ ਸਨ। ਦੋਵੇਂ ਨਿਆਣੇਂ ਪੌੜੀਆਂ ਚੜ੍ਹ ਗਏ ਤੇ ਮਨੂ ਵੀ ਫੋਨ ਲੈ ਕੇ ਉਪਰ ਚਲੇ ਗਈ। ਮੇਰੇ ਵਾਸਤੇ ਇਹ ਨਵੀਂ ਗੱਲ ਸੀ। ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਬਿਨ੍ਹਾਂ ਆਪਸ ਵਿਚ ਬੋਲਿਆਂ ਤਿੰਨੇ ਹੀ ਉਹ ਕਰ ਰਹੇ ਸਨ ਜੋ ਪਹਿਲਾਂ ਨਹੀਂ ਹੋਇਆ ਸੀ। ਮੈਨੂੰ ਲੱਗਾ ਇਹ ਤੇ ਕੋਈ ਪਹਿਲਾਂ ਹੀ ਸਾਜਿਸ਼ ਕੀਤੀ ਗਈ ਹੈ। ਲਗਦਾ ਸੀ ਉਹਨਾਂ ਐਸੇ ਜੰਗੀ ਹਾਲਾਤ ਵਿਚ ਕੀ ਕਰਨਾ ਹੈ, ਇਸਦਾ ਕੋਈ ਤੋੜ ਲੱਭ ਲਿਆ ਸੀ। ਚਾਹੀਦਾ ਤਾਂ ਇਹ ਸੀ ਕਿ ਮਨੂ ਬਰੂਮ ਲੈਕੇ ਉਹ ਕਿਰਚਾਂ ਹੂੰਝ ਕੇ ਗਾਰਬੇਜ਼ ਵਿਚ ਸੁੱਟਦੀ। ਆਖਰ ਘਰ ਦੀ ਸਫਾਈ ਕਰਨਾ ਉਸਦਾ ਹੀ ਤੇ ਕੰਮ ਸੀ। ਹੁਣ ਮੈਨੂੰ ਨਿਆਣਿਆਂ ਨਾਲੋਂ ਵੱਧ ਗੁੱਸਾ ਮਨੂ ਤੇ ਆ ਰਿਹਾ ਸੀ ਤੇ ਗੁੱਸੇ ਵਿਚ ਹੀ ਮੈ ਕਿਚਨ ਵਿਚ ਗਿਆ ਤੇ ਇੱਕ ਲੰਡੂ ਜਿਹਾ ਪੈਗ ਬਣਾ ਕੇ ਪੀ ਲਿਆ ਤੇ ਫਿਰ ਇਕ ਹੋਰ ਸੁੱਟ ਲਿਆ।
ਵਾਪਸ ਲਿਵ-ਰੂਮ ਆਉਂਣ ਤੱਕ ਮੈਨੂੰ ਨਸ਼ਾ ਵੀ ਹੋ ਗਿਆ ਸੀ ਤੇ ਮੇਰੇ ਪੈਰ 'ਚ ਕੋਈ ਕਿਰਚ ਵੀ ਚੁੱਭ ਗਈ ਸੀ ਤੇ ਪੈਰ ਵਿਚੋਂ ਪਰਲ ਪਰਲ ਖੂਨ ਵੱਗ ਕੇ ਰੱਗ ਤੇ ਲਹੂ ਦੇ ਨਿਸ਼ਾਨ ਬਣ ਰਹੇ ਸਨ। ਮਨੂ ਦੀ ਬਗਾਵਤ ਨੇ ਮੈਨੂੰ ਗੁੱਸਾ ਵੀ ਬਹੁਤ ਚੜ੍ਹਾ ਦਿੱਤਾ ਸੀ। ਮੈ ਸੋਫ਼ੇ ਦੀਆਂ ਗਦੀਆਂ ਚੁੱਕ ਕੇ ਲਿਵ-ਰੂਮ ਵਿਚ ਖਿਲਾਰ ਦਿੱਤੀਆਂ। ਹਰ ਹਰਕਤ ਨਾਲ ਮੈ ਮਨੂ ਨੂੰ ਇੱਕ ਮੌਕਾ ਹੋਰ ਦੇ ਰਿਹਾ ਸੀ। ਮੈਂ ਇੱਕ ਹੱਲਾ ਕਿਚਨ ਵੱਲ ਹੋਰ ਮਾਰਿਆ ਤੇ ਖ਼ੂਨ ਦੇ ਨਿਸ਼ਾਨ ਚਾਰੇ ਪਾਸੇ ਫੈਲ ਗਏ, ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਸਾਕਾ ਹੋਕੇ ਹਟਿਆ ਹੋਵੇ। ਵਾਲ ਤਾਂ ਮੇਰੇ ਬਚਪਨ ਤੋਂ ਹੀ ਪਰਾਲੀ ਨਾਲ ਮਿਲਦੇ ਜੁਲਦੇ ਸਨ ਜਿਨ੍ਹਾਂ ਨੂੰ ਮੈਂ ਕਦੇ ਕਦੇ ਲੋੜ ਅਨੁਸਾਰ ਹੋਰ ਵੀ ਡਰਾਉਣੇ ਕਰ ਲੈਂਦਾ ਸੀ। ਮੈਂ ਵਗਦੇ ਖ਼ੂਨ ਵਿਚ ਉਂਗਲ ਲਬੇੜ ਕੇ ਮੱਥੇ ਤੇ ਟਿੱਕਾ ਲਾ ਲਿਆ।
ਮੈਂ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਡਰਾਮੇ ਤਾਂ ਸਾਰੇ ਫੇਲ੍ਹ ਹੋ ਰਹੇ ਸਨ। ਲੜਾਈ ਬੱਚਿਆਂ ਦੀ ਨਹੀਂ ਰਹਿ ਗਈ ਸੀ। ਹੁਣ ਤੇ ਮੈਨੂੰ ਯਾਦ ਹੀ ਨਹੀਂ ਸੀ ਕਿ ਗੱਲ ਸ਼ੁਰੂ ਕਿੱਥੋਂ ਹੋਈ ਸੀ।
ਉਤੋਂ ਮੈਨੂੰ ਨਵੀ ਦੀ ਅਵਾਜ਼ ਸੁਣਾਈ ਦਿੱਤੀ, "ਉਹ ਕਹਿ ਰਿਹਾ ਸੀ ਇਹ ਤਾਂ ਜ਼ਿਆਦਾ ਹੀ ਭੂਤਰ ਗਿਆ, ਹੁਣ ਕੀ ਕਰੀਏ?"
ਹੁਣ ਤੇ ਫੌਜਾਂ ਦੋਵੇਂ ਪਾਸੇ ਡੱਟ ਗਈਆਂ ਸਨ। ਮੈਂ ਤਾਂ ਪੰਜ ਸੱਤ ਗੋਲੇ ਦਾਗ ਹੀ ਚੁੱਕਿਆ ਸੀ ਪਰ ਸੋਚ ਰਿਹਾ ਸੀ ਕਿ ਮਨੂ ਕੋਲ ਕਿਹੜੀ ਮਿਜ਼ਾਇਲ ਹੈ? ਤੇ ਹੁਣ ਉਹ ਕਿਹੜੀ ਯੁੱਧ-ਨੀਤੀ ਅਪਣਾਇਗੀ? ਉਸਦੀ ਨੀਤੀ ਸਮਝਣ ਲਈ ਮੈਂ ਸੋਚਿਆ ਕਿਉਂ ਨਾ ਟੈਲੀਵੀਯਨ ਦੀ ਬਲੀ ਦਿੱਤੀ ਜਾਵੇ। ਉਂਝ ਵੀ ਇਹ ਹੁਣ ਪੁਰਾਣਾ ਹੋ ਗਿਆ ਹੈ। ਅੱਜਕਲ ਤਾਂ ਨਵੇਂ ਮਾਡਲ ਆ ਗਏ ਹਨ। ਹਲਕੇ ਫੁਲਕੇ ਭਾਵੇਂ ਕੰਧ ਨਾਲ ਟੰਗ ਲਵੋ।ਇਹ ਮੈਂ ਪੰਦਰਾਂ ਸਾਲ ਪਹਿਲਾਂ ਖਰੀਦਿਆ ਸੀ। ਖ਼ਰੀਦਿਆ ਕਾਹਨੂੰ ਸੀ ਇਹ ਮੈ ਮਨੂ ਨੂੰ ਉਹਦੇ ਜਨਮ-ਦਿਨ ਤੇ ਗਿਫਟ ਦਿੱਤਾ ਸੀ। ਉਹ ਵੀ ਕਿਤਨੇ ਹੁਸੀਨ ਦਿਨ ਸਨ। ਅਸੀਂ ਲੌਂਗ-ਡਰਾਈਵ ਤੇ ਦੂਰ ਦੂਰ ਮਾਲਾਂ ਵਿਚ ਸੇਲ ਵੇਖਣ ਜਾਂਦੇ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰਾ ਤੇਤੀਵਾਂ ਬਰਥ-ਡੇ ਸੀ ਤਾਂ ਮਨੂ ਨੇ ਮੈਨੂੰ ਸੋਫਾ-ਸੈੱਟ ਗਿਫਟ ਦਿੱਤਾ ਸੀ। ਪਰ ਮੈਂ ਉਸਦੇ ਪਿਆਰ ਦੀ ਕਦਰ ਨਹੀਂ ਕੀਤੀ ਤੇ ਇਸ ਤਰ੍ਹਾਂ ਹੀ ਗੁੱਸੇ ਵਿਚ ਆ ਕੇ ਦੋ ਸਾਲ ਪਹਿਲਾਂ ਮੈਂ ਸੋਫਾ-ਸੈੱਟ ਹੀ ਤੋੜ ਸੁੱਟਿਆ ਸੀ। ਉਂਝ ਤਾਂ ਉਹ ਹੰਢ ਗਿਆ ਸੀ ਪਰ ਫਿਰ ਵੀ ਗਿਫਟ ਤਾਂ ਗਿਫਟ ਹੀ ਹੁੰਦਾ ਹੈ। ਕਦੇ ਕਦੇ ਮੈਂ ਜ਼ਿਆਦਾ ਹੀ ਵਧੀਕੀ ਕਰ ਜਾਂਦਾ ਹਾਂ ਪਰ ਬਾਅਦ ਵਿਚ ਪਛਤਾਉਂਣਾ ਪੈਂਦਾ ਹੈ। ਮਨੂ ਵੀ ਅਖੀਰ ਵਿਚ ਸੌਰੀ ਆਖ ਕੇ ਸਾਰ ਲੈਂਦੀ ਸੀ। ਪਰ ਅੱਜ ਕੀ ਹੋ ਗਿਆ?
ਨਵੀ ਨਾਲ ਮੈਂ ਜਿਤਨੀ ਮਰਜ਼ੀ ਕੁੱਤੇ-ਖਾਣੀ ਕਰਾਂ ਪਰ ਉਹਨੂੰ ਮੈਂ ਕੁੱਤਾ ਤੇ ਕਦੇ ਵੀ ਨਹੀਂ ਕਿਹਾ ਫਿਰ ਅੱਜ ਉਹ ਆਪਣੀ ਉਮਰ ਨੂੰ ਕੁੱਤਿਆਂ ਦੇ ਗਜ਼ ਨਾਲ ਕਿਉਂ ਮਾਪਣ ਲੱਗ ਪਿਆ? ਮੈਂ ਕੰਨਫਿਊਜ਼ ਹੋ ਗਿਆ। ਮੈ ਸਾਰਾ ਕੁਝ ਛੰਡ ਕੇ ਅਗਲੇ ਪੈਂਤੜੇ ਬਾਰੇ ਸੋਚਣਾ ਸ਼ੁਰੂ ਕੀਤਾ। ਇੱਕ ਦਿਲ ਕਰੇ ਕਿ ਬਰੂਮ ਚੁੱਕ ਕੇ ਕਿਰਚਾਂ ਇਕਠੀਆਂ ਕਰਾਂ ਪਰ ਇਸਤਰ੍ਹਾਂ ਤਾਂ ਮੈਂ ਲੜਨ ਤੋਂ ਬਗੈਰ ਹੀ ਯੁੱਧ ਹਾਰ ਜਾਵਾਂਗਾ। ਆਪਣੀ ਖ਼ਾਨਦਾਨੀ ਗੈਰਤ ਨੂੰ ਕਲੰਕਿਤ ਕਰਕੇ ਮੈਂ ਆਪਣਾ ਬਜ਼ੁਰਗਾਂ ਨੂੰ ਕੀ ਮੂੰਹ ਦਿਖਾਵਾਂਗਾ ਜੋ ਮੇਰੇ ਅੰਦਰ ਕੁਰਬਲ ਕੁਰਬਲ ਕਰ ਰਹੇ ਸਨ। ਹੁਣ ਮੇਰਾ ਸਾਰਾ ਧਿਆਨ ਟੈਲੀਵਿਯਨ ਵੱਲ ਸੀ। ਅਚਾਨਕ ਮੈਨੂੰ ਲੱਗਾ ਜਿਵੇਂ ਮੈਂ ਆਪਣੀ ਖ਼ਾਨਦਾਨੀ ਜ਼ਮੀਨ ਵਿਚ ਡਰਨਾ ਬਣ ਕੇ ਖੜਾ ਹੋਵਾਂ ਤੇ ਇਹ ਜਨੌਰ ਸਾਡੀ ਫ਼ਸਲ ਨੂੰ ਠੂੰਗੇ ਮਾਰ ਰਹੇ ਹੋਣ। ਆਸੇ ਪਾਸੇ ਖਿੱਲਰੀਆਂ ਮੇਰੀਆਂ ਬਾਹਵਾਂ ਇਹਨਾਂ ਜਨੌਰਾਂ ਨੂੰ ਉਡਾਉਣ ਲਈ ਕਿਸੇ ਨਵੀਂ ਤਾਕਤ ਬਾਰੇ ਸੋਚ ਰਹੀਆਂ ਹੋਣ। ਮੇਰੇ ਮੂੰਹ ਵਿਚ ਠੋਸੀ ਲੰਬੀ ਕਾਲੀ ਜ਼ੁਬਾਨ ਤੇ ਜਨੌਰ ਵਿੱਠਾਂ ਕਰ ਰਹੇ ਹੋਣ। ਡਰਨਾ ਤਾਂ ਅਭਿਮਨਿਊ ਵਾਂਗ ਘੇਰਿਆ ਗਿਆ ਸੀ। ਜਿਉਂ ਹੀ ਮੈਂ ਆਪਣੇ ਬਾਪੂ ਅਰਜਨ ਨੂੰ ਯਾਦ ਕੀਤਾ ਬਾਹਰ ਡਰਾਈਵੇ ਤੇ ਕੋਈ ਟੈਕਸੀ ਆ ਕੇ ਖਲੋਤੀ। ਮੈਂ ਹੈਰਾਨੀ ਨਾਲ ਬਾਹਰ ਵੇਖਿਆ ਤਾਂ ਅਰਜਨ ਟੈਕਸੀ ਵਿਚੋਂ ਨਿਕਲ ਕੇ ਡਰਾਈਵਰ ਨੂੰ ਮਨੀ ਦੇ ਰਿਹਾ ਸੀ। ਉਹ ਮਾਈ ਗੌਡ! ਮੈਨੂੰ ਪਿਸ਼ਾਬ ਕਰਨ ਦਾ ਚੇਤਾ ਆ ਗਿਆ। ਮੈ ਉੱਠ ਕੇ ਵਾਸ਼-ਰੂਮ ਵੜ ਗਿਆ। ਇਤਨਾ ਸ਼ੁਕਰ ਸੀ ਪਰਮਾਤਮਾ ਦਾ ਕਿ ਮੂਤ ਪਜਾਮੇ ਵਿਚ ਨਹੀਂ ਨਿਕਲਿਆ ਸੀ। ਡੋਰ-ਬੈੱਲ ਹੋਈ ਤਾਂ ਮੈਂ ਵਾਸ਼-ਰੂਮ ਦਾ ਦਰਵਾਜ਼ਾ ਘੁੱਟ ਕੇ ਲਾ ਲਿਆ ਤੇ ਲੌਕ ਲਾ ਲਿਆ।
ਤੇ ਇਹ ਸੀ ਕੁੱਤੇ-ਟੱਬਰ ਦੀ ਮਿਜ਼ਾਇਲ। ਸਾਰੇ ਦਗੜ-ਦਗੜ ਕਰਦੇ ਥੱਲੇ ਉੱਤਰ ਆਏ। ਕਿਚਨ ਤੋਂ ਲੈ ਕੇ ਲਿਵ-ਰੂਮ ਤੱਕ ਦਾ ਹਾਲ ਇਹ ਸੀ ਜਿਵੇਂ ਕੁੱਕੜ ਦੀ ਧੌਣ ਵੱਢ ਕੇ ਛੱਡ ਦਿੱਤਾ ਹੋਵੇ। ਜਗ੍ਹਾ ਜਗ੍ਹਾ ਖ਼ੂਨ ਦੇ ਨਿਸ਼ਾਨ। ਮਨੂ ਅਰਜਨ ਨੂੰ ਮੌਕਾ-ਏ-ਵਾਰਦਾਤ ਦਿਖਾ ਰਹੀ ਸੀ। ਮੈਨੂੰ ਨਹੀਂ ਲਗਦਾ ਸੀ ਕਿ ਅਰਜਨ ਅੱਜ ਜ਼ਰਾਸੰਧ ਦੇ ਵਿਰੋਧ ਵਿਚ ਖਲੋਅ ਕੇ ਕੋਈ ਪ੍ਰਤਿਗਿਆ ਕਰੇਗਾ।
" ਕਿੱਥੇ ਹੈ ਉਹ?" ਅਰਜਨ ਨੇ ਭੱਬਕ ਮਾਰੀ। ਮੈਂ ਟਾਇਲਟ ਸੀਟ ਤੇ ਹੋਰ ਵੀ ਸੁੰਘੜ ਗਿਆ। ਇਹ ਤੇ ਅੱਜ ਅਭਿਮਨਿਊ ਦੇ ਹੀ ਡਕਰੇ ਕਰਨ ਦੀ ਤਾਕ ਵਿਚ ਬੁੜਕਨ ਲੱਗ ਪਿਆ ਲਗਦਾ ਸੀ। ਤੀਰ-ਅੰਦਾਜ਼ ਨੇ ਆਪ ਹੀ ਅੰਦਾਜ਼ਾ ਲਾਕੇ ਵਾਸ਼-ਰੂਮ ਦਾ ਦਰਵਾਜ਼ਾ ਜ਼ੋਰ ਦੀ ਖੜਕਾਇਆ। ਮੈ ਦੋ ਕੁ ਮਿੰਟ ਹੋਰ ਲਾ ਕੇ ਡੋਰ ਖੋਲ੍ਹਿਆ। ਬਾਹਰ ਸਭ ਤੋਂ ਪਹਿਲਾਂ ਮੇਰੀ ਨਜ਼ਰ ਪੁਆੜੇ ਦੀ ਜੜ੍ਹ ਨਵੀ ਤੇ ਪਈ। ਨਵੀ ਦੀਆਂ ਅੱਖਾਂ ਵਿਚ ਤਰਸ ਸੀ। ਪਤਾ ਨਹੀਂ ਆਪਣੇ ਆਪ ਤੇ ਜਾਂ ਮੇਰੇ ਤੇ। " ਕੀ ਹੋਇਆ ਉਏ?" ਅਰਜਨ ਨੇ ਕਿਹਾ।
"ਜੀ ਕੁਝ ਨਹੀ।" ਮੈਂ ਹਲਕਾ ਜਿਹਾ ਜੁਆਬ ਦਿੱਤਾ।
" ਕੁਝ ਸ਼ਰਮ ਨੂੰ ਹੱਥ ਪਾ। ਹੁਣ ਬੁੱਢਾ ਤੋਤਾ ਬਣ ਗਿਆ ਹੈਂ ਕਿਉਂ ਮੇਰੀ ਦਾੜ੍ਹੀ ਰੋਲਣ ਨੂੰ ਲੱਕ ਬੰਨ੍ਹਿਆ ਈ।"ਮੈ ਚੁੱਪ ਕਰਕੇ ਸੋਫੇ ਤੇ ਬੈਠ ਗਿਆ ਤੇ ਮਨੂ ਸਾਰੀ ਗੱਲ ਦੱਸਣ ਲੱਗ ਪਈ। ਅਖੀਰ ਤੇ ਉਸਨੇ ਨਿਚੋੜ ਕੱਢਦਿਆਂ ਕਿਹਾ, "ਇਹ ਵੀ ਕੋਈ ਤਰੀਕਾ ਹੈ ਨਿਆਣੇ ਪਾਲਣ ਦਾ?" ਨਵੀ ਦੀਆਂ ਸਾਰੀਆਂ ਗੱਲਾਂ ਹੀ ਗੋਲ ਕਰ ਗਈ। ਮੈਂ ਵੀ ਨਵੀ ਬਾਰੇ ਦੜ ਵੱਟ ਲਈ ਤੇ ਸਾਰਾ ਇਲਜ਼ਾਮ ਮੇਰੇ ‘ਤੇ ਹੀ ਆ ਗਿਆ। ਮੈਨੂੰ ਲਗਦਾ ਸੀ ਕਿ ਇਸ ਦੁਨੀਆਂ ਵਿਚ ਮੇਰਾ ਕੋਈ ਵੀ ਨਹੀਂ ਹੈ। ਮੈਂ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਸਿਰਫ਼ ਤੇ ਸਿਰਫ਼ ਆਪਣੀ ਜ਼ਿੰਦਗੀ ਹੀ ਜੀਵਾਂਗਾ। ਝਾੜ-ਝੰਭ ਦਾ ਜੇ ਨਵੀ ਤੇ ਕੋਈ ਅਸਰ ਨਹੀਂ ਸੀ ਤੇ ਮੈਂ ਵੀ ਘੇਸਲ਼ ਮਾਰ ਕੇ ਅਰਜਨ ਦੇ ਸਾਰੇ ਤੀਰ ਆਪਣੇ ਉਪਰੋਂ ਹੀ ਲੰਘਾ ਦਿੱਤੇ। ਅਰਜਨ ਨੇ ਵੀ ਆਪਣੇ ਤੀਰਾਂ ਦੀ ਥੋੜੀ ਬਹੁਤ ਪ੍ਰੈਕਟਿਸ ਕੀਤੀ ਤੇ ਆਪਣੇ ਰਾਹ ਪੈ ਗਿਆ।
******
ਚਲਦਾ
No comments:
Post a Comment