Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਤੀਜਾ

ਡਰਨੇ ਦੀ ਮੌਤ
ਕਹਾਣੀ


ਭਾਗ ਤੀਜਾ



"ਤੇ ਫਿਰ ਤੂੰ ਕੀ ਫੈਸਲਾ ਕੀਤਾ। ਇਸਤਰ੍ਹਾਂ ਹੀ ਫਾਈਟ ਕਰਨੀ ਹੈ, ਸਕੂਲੇ ਦਾਰੂ ਪੀਣੀ ਹੈ ਜਾਂ ਮੇਰੀ ਗੱਲ ਸੁਣਨੀ ਹੈ।" ਮੈਂ ਤਰਲਿਆਂ ‘ਤੇ ਉਤਰ ਆਇਆ।
"
ਡੈਡ ਜਸਟ ਟੇਕ ਇਟ ਇਜ਼ੀ। ਸਭ ਠੀਕ ਹੋ ਜਾਵੇਗਾ। ਬਲੀਵ ਮੀ। ਮੈ ਨਵਾਂ ਹਾਂ ਤੇ ਉਹ ਮੈਨੂੰ ਸੌਫਟ ਸਮਝਦੇ ਹਨ। ਸਮਾਂ ਪਾਕੇ ਉਹਨਾਂ ਨੂੰ ਪਤਾ ਲੱਗ ਹੀ ਜਾਵੇਗਾ ਕਿ ਮੈਂ ਹਾਰਡ ਕੋਰ ਹਾਂ,ਫਿਰ ਉਹ ਮੈਨੂੰ ਤੰਗ ਨਹੀਂ ਕਰਨਗੇ।" ਫੋਨ ਫਿਰ ਆ ਗਿਆ। "ਕੀ ਬਣਿਆ?" ਮਨੂ ਨੇ ਪੁੱਛਿਆ।
"
ਪੰਚਰ ਲਾ ਦਿੱਤਾ ਹੈ ਪਰ ਟਿਊਬ ਨਹੀਂ ਬਦਲੀ।" ਮੈਂ ਖਿਝ ਕੇ ਕਿਹਾ।
"
ਡੈਡ ਤੂੰ ਕਹਿੰਦਾ ਸੀ ਨਵੰਬਰ ਵਿਚ ਮੈਨੂੰ ਆਈ-ਪੌਟ ਲੈ ਕੇ ਦੇਵੇਂਗਾ। ਚਲੀਏ ਫਿਰ ਅੱਜ?" "ਚਲ ਹੋ ਜਾ ਤਿਆਰ। ਲੰਚ ਤੋਂ ਬਾਦ ਚਲਦੇ ਹਾਂ।" ਮੈਂ ਵੀ ਸੁਲਾਹ ਦੇ ਮੂਡ ਵਿਚ ਸੀ ਤੇ ਨਵੀ ਵੀ ਖ਼ੁਸ਼ ਹੋ ਗਿਆ। ਅਸੀਂ ਦੋਵੇਂ ਹੀ ਵਿਨਰ ਸੀ। ਮੈਨੂੰ ਆਪਣੀ ਹਾਰ ਤੇ ਪਰਦਾ ਪਾਉਣ ਲਈ ਚਾਰ ਸੌ ਡਾਲਰ ਖ਼ਰਚਣੇ ਪਏ। ਮਨੂੰ ਆ ਗਈ, ਉਸਨੇ ਫਿਰ ਉਹੋ ਪੁੱਛਿਆ, 'ਕੀ ਬਣਿਆ'। ਮੇਰਾ ਮੁਸਕਰਾਉਂਦਾ ਬੂਥਾ ਵੇਖਕੇ ਉਸਨੂੰ ਆਸ ਸੀ ਕਿ ਫਸਿਆ ਗੱਡਾ ਨਿਕਲ ਗਿਆ ਹੈ।
"
ਬਸ ਡੈਡਲੌਕ ਜਿਹਾ ਹੋ ਗਿਆ। ਵਾਰਤਾ ਕਾਮਯਾਬ ਨਹੀਂ ਹੋਈ। ਪਰ ਘਬਰਾਉਣ ਦੀ ਲੋੜ ਨਹੀਂ। ਆਪਾਂ ਕੇਸ ਯੂ.ਐੱਨ.ਓ. ਵਿਚ ਭੇਜਾਂਗੇ, ਸ਼ਾਇਦ ਉਹ ਹੀ ਕੋਈ ਨੇਕ ਸਲਾਹ ਦੇਣ।"
ਰਸਤੇ ਵਿਚ ਕੋਈ ਕੁਝ ਵੀ ਨਹੀ ਬੋਲਿਆ। ਹਰ ਕੋਈ ਮਸਤ ਸੀ। ਆਪੋ ਆਪਣੇ ਭਕਾਨੇ ਫਲਾਈ ਅਸੀਂ ਅਜਨਬੀ ਜਿਹੇ ਮਹਿਸੂਸ ਕਰ ਰਹੇ ਸਾਂ। ਮੈਂ ਸੋਚ ਰਿਹਾ ਸੀ ਕਿ ਨਵੀ ਨੇ ਐਸੀ ਕਿਹੜੀ ਸ਼ਰਾਰਤ ਕੀਤੀ ਹੈ ਜੋ ਮੈਂ ਇਸ ਉਮਰ ਵਿਚ ਨਹੀਂ ਕੀਤੀ ਸੀ ਜਾਂ ਐਸੀ ਕੋਈ ਸ਼ਰਾਰਤ ਸੀ ਜੋ ਮੈਂ ਕੀਤੀ ਹੋਵੇ ਤੇ ਬਾਪੂ ਨੇ ਆਪਣੇ ਟਾਈਮ ਵਿਚ ਨਾ ਕੀਤੀ ਹੋਵੇ। ਫਰਕ ਸਿਰਫ਼ ਡਰ ਦਾ ਹੈ। ਇੱਕ ਡਰ ਦੀ ਡੋਰ ਜੋ ਮੁੱਦਤਾਂ ਤੋਂ ਚਲੀ ਆ ਰਹੀ ਸੀ ਉਸ ਡੋਰ ਨਾਲ ਆਪਣੀ ਪਤੰਗ ਉਡਾਉਣ ਲਈ ਨਵੀ ਇਨਕਾਰੀ ਸੀ। ਮੈਂ ਤਾਂ ਇਹ ਚਾਹੁੰਦਾ ਸੀ ਕਿ ਨਵੀ ਇਸ ਦਾਦਾਗਿਰੀ ਨੂੰ ਮੰਨਣ ਤੋਂ ਇਨਕਾਰ ਨਾ ਕਰੇ। ਚਲੋ ਨਾ ਵੀ ਮੰਨੇ ਪਰ ਦਲੀਲਬਾਜ਼ ਤਾਂ ਨਾ ਹੋਵੇ, ਉਹ ਵੀ ਆਪਣੇ ਪਿਉ ਨਾਲ। ਮੈਂ ਕਿਤਨੀਆਂ ਮੁਸ਼ਕਲਾਂ ਝੱਲੀਆਂ। ਇੱਕ ਤਾਂ ਦਿਲ ਕਰਦਾ ਸੀ ਨਵੀ ਨੂੰ ਸਾਰਾ ਕੁਝ ਦੱਸ ਦੇਵਾਂ। ਇਹ ਵੀ ਦਸ ਦੇਵਾਂ ਕਿ ਉਹਦੀ ਮੌਮ ਮੇਰੇ ਅੱਗੇ ਕਿਉਂ ਚਬਰ ਚਬਰ ਕਰਦੀ ਹੈ ਤੇ ਮੈਂ ਉਸਦੀ ਸੁਣੀ ਵੀ ਕਿਉਂ ਜਾ ਰਿਹਾ ਹਾਂ? ਮੈਂ ਇਹ ਝੂਠ ਦੀ ਜ਼ਿੰਦਗੀ ਜੀਅ ਹੀ ਕਿਉਂ ਰਿਹਾ ਹਾਂ? ਕੀ ਮੈਂ ਸਿਰਫ ਇਸ ਲਈ ਨਿਆਣਿਆਂ ਨਾਲ ਝੂਠੀ ਜ਼ਿੰਦਗੀ ਜੀ ਰਿਹਾ ਹਾਂ ਕਿਉਂਕਿ ਇਸ ਉਮਰ ਵਿਚ ਉਹ ਸੱਚ ਨੂੰ ਹੈਵੀ ਡੋਜ਼ ਨਾ ਸਮਝ ਲੈਣ? ਇਹ ਵੀ ਕੀ ਗੱਲ ਹੋਈ ਕਿ ਆਪਣੀਆਂ ਕਦਰਾਂ ਦੀ ਖਾਤਰ ਝੂਠ ਬੋਲੀ ਜਾਉ। ਪਰ ਮੈਨੂੰ ਲਗਦਾ ਸੀ ਕਿ ਨਿਆਣਿਆਂ ਨੂੰ ਸਭ ਪਤਾ ਹੈ। ਮੇਰੀ ਆਪਣੀ ਤੇ ਖਾਨਦਾਨ ਦੀ ਝੂਠੀ ਹਊਮੈ ਦਾ ਜਲੂਸ ਕਦੋਂ ਦਾ ਨਿਕਲ ਚੁੱਕਾ ਹੈ। ਉਹ ਸਭ ਜਾਣਦੇ ਹਨ ਤੇ ਇਸ ਮਲਬੇ ਵਿਚੋਂ ਆਪਣਾ ਜੀ ਪਰਚਾਉਂਣ ਲਈ ਉਹੋ ਕੁਝ ਚੁਣ ਰਹੇ ਹਨ ਜੋ ਉਹਨਾਂ ਦੀ ਲੋੜ ਹੈ। ਮੇਰੀ ਲੋੜ ਦੀ ਸਮਝ ਉਹਨਾਂ ਨੂੰ ਨਹੀਂ ਆ ਰਹੀ।
ਮਲਬੇ ਵਿਚੋਂ ਮੈਂ ਸਚਾਈ ਦੀਆਂ ਕਿੰਕਰਾਂ ਲੱਭ ਲੱਭ ਕੇ ਉਹਨਾਂ ਨੂੰ ਕੁਝ ਹਲੂਣਾ ਦੇਣ ਲਈ ਤਰਲੋਮੱਛੀ ਹੋਇਆ ਰਹਿੰਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਆਪਣੀ ਜਾਤ ਪਛਾਨਣ ਤੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਸ਼ਰੀਕਾਂ ਨੂੰ ਕੁਝ ਬਣ ਕੇ ਦਿਖਾਉਣ। ਸ਼ਰੀਕ ਤਾਂ ਸਿਰਫ ਸੂਰਮਿਆਂ ਤੋਂ ਡਰਦੇ ਹਨ ਤੇ ਸੂਰਮੇ ਨੇ ਚਾਰ ਸੌ ਡਾਲਰ ਦਾ ਖ਼ਰੀਦਿਆ ਆਈ-ਪੌਟ ਵੇਚਕੇ ਕੀ ਕੀਤਾ ਇਹ ਤੇ ਪਤਾ ਨਹੀਂ ਪਰ ਇੱਕ ਯੁੱਧ ਜ਼ਰੂਰ ਖਰੀਦ ਲਿਆ। ਪ੍ਰਿੰਸੀਪਲ ਉਸ ਯੁੱਧ ਦਾ ਰੈਫਰੀ ਬਣ ਗਿਆ। ਮੇਰਾ ਸੈੱਲ ਜਦੋਂ ਵੀ ਖੜਕਦਾ ਮੇਰਾ ਤਰਾਹ ਨਿਕਲ ਜਾਂਦਾ।
"
ਤੇਰੀ ਉਮਰ ਅਜੇ ਪੰਦਰਾਂ ਸਾਲ ਦੀ ਹੈ ਤੇ ਇਹ ਕੁੱਤੇ-ਖਾਣੀ ਰੋਜ਼ ਦਾ ਕਸਬ ਬਣ ਗਈ ਹੈ।"ਮੈਂ ਨਵੀ ਦੇ ਕਮਰੇ ਵਿਚ ਟੰਗੇ ਬਦਮਾਸ਼ ਜਿਹੇ ਟੂਪੈਕ ਦਾ ਪੋਸਟਰ ਬੇਦਰਦੀ ਨਾਲ ਧੂਹ ਕੇ ਲਾਹਿਆ ਤੇ ਕਮਰੇ ਵਿਚੋਂ ਬਾਹਰ ਸੁੱਟ ਦਿੱਤਾ। ਮੇਰੀ ਗੁਸਤਾਖ਼ੀ ਨੂੰ ਸਕਾਰਫੇਸ ਦਾ ਸਪੈਨਿਸ਼ ਟੋਨੀ ਮੈਨਟੈਨਾ ਦੇਖ ਰਿਹਾ ਸੀ। ਚਿੱਟਾ ਸੂਟ ਪਾਈ ਕੁਰਸੀ ਤੇ ਆਪਣੇ ਸਾਥੀਆਂ ਵਿਚ ਘਿਰੇ ਬੈਠੇ ਨੇ ਕਮਰੇ ਦੀ ਦੂਸਰੀ ਕੰਧ ਮੱਲੀ ਹੋਈ ਸੀ। ਨਵੀ ਨੇ ਉਸ ਪੋਸਟਰ ਵੱਲ ਵੇਖਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਸਟੂਪਿਡ ਡੈਡ ਕਦੋਂ ਉਸਨੂੰ ਵੀ ਨੋਚਦਾ ਹੈ। ਉਸਨੂੰ ਬਹੁਤੀ ਇੰਤਜ਼ਾਰ ਨਹੀਂ ਕਰਨੀ ਪਈ। ਫੈਮਿਲੀ ਇੱਕਠੀ ਹੋ ਗਈ। ਫੈਮਿਲੀ ਦੇ ਸਾਰੇ ਮੈਂਬਰ ਇਸ ਐਪੀਸੋਡ ਬਾਰੇ ਆਪੋ ਆਪਣੇ ਵਿਚਾਰ ਰਖਦੇ ਸਨ। ਪਰ ਮੇਰਾ ਨਹੀਂ ਖ਼ਿਆਲ ਉਨ੍ਹਾਂ ਵਿਚੋਂ ਕੋਈ ਵੀ ਮੇਰੇ ਨਾਲ ਸਹਿਮਤ ਹੋਵੇ, ਠੀਕ ਉਸੇ ਤਰ੍ਹਾਂ ਜਿਵੇਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸਾਂ। ਇਹ ਪੋਸਟਰ ਮਨੂ ਨੇ ਹੀ ਖ਼ਰੀਦ ਕੇ ਨਵੀ ਨੂੰ ਦਿੱਤੇ ਸਨ। ਉਦੋਂ ਮੈਂ ਵੀ ਇਤਰਾਜ਼ ਨਹੀਂ ਕੀਤਾ ਸੀ। ਮੇਰੇ ਇਤਰਾਜ਼ ਦੀ ਕੋਈ ਵਜ਼੍ਹਾ ਵੀ ਨਹੀਂ ਸੀ। ਹੁਣ ਵੀ ਦੂਸਰੇ ਕਮਰੇ ਵਿਚ 'ਰੈਪਰ ਫਿਫਟੀ ਸੈਂਟ' ਦਾ ਪੋਸਟਰ ਲੱਗਿਆ ਹੋਇਆ ਸੀ। ਉਸ ਤੇ ਮੈਨੂੰ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਸਦਾ ਪ੍ਰਸੰਸਕ ਪੜ੍ਹਾਈ ਵਿਚ ਠੀਕ ਸੀ ਤੇ ਯੂਨੀਵਰਸਿਟੀ ਪਹੁੰਚ ਚੁੱਕਾ ਸੀ। ਪਰ ਇਹ ਟੂਪੈਕ ਤੇ ਪੂਰਾ ਬਦਮਾਸ਼ ਸੀ। ਜਦੋਂ ਵੀ ਨਵੀ ਟੂਪੈਕ ਦੀ ਸੀਡੀ ਲਾਉਂਦਾ ਹੋਰ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਪਰ ਉਹਦਾ ਬਾਰ ਬਾਰ ਮਦਰ ਫ਼ਕਰ ਕਹਿੰਣਾ, ਮੇਰਾ ਬਲੱਡ ਪਰੈਸ਼ਰ ਜ਼ਰੂਰ ਵਧਾ ਦਿੰਦਾ।
"
ਡੈਡ ਮੇਰੀ ਉਮਰ ਪੰਦਰਾਂ ਸਾਲ ਨਹੀਂ ਹੈ।" ਮੇਰੀ ਗੱਲ ਦੇ ਜੁਆਬ ਵਿਚ ਨਵੀ ਨੇ ਘਰੋੜ ਕੇ ਪਰ ਬਿਨ੍ਹਾਂ ਚੀਕਣ ਤੋਂ ਕਿਹਾ।
"
ਤੇ ਹੋਰ ਕਿਤਨੀ ਹੈ?" " ਮੇਰੀ ਉਮਰ ਪੰਜਤਾਲੀ ਸਾਲ ਹੈ। ਤੇਰੇ ਤੋਂ ਥੋੜ੍ਹਾ ਹੀ ਛੋਟਾ ਹਾਂ।" "ਉਹ ਕਿਵੇਂ?"
"
ਕੁੱਤੇ ਦੀ ਉਮਰ ਨੂੰ ਤਿੰਨ ਗੁਣਿਆਂ ਨਾਲ ਨਾਪਿਆ ਜਾਂਦਾ ਹੈ। ਉਸ ਹਿਸਾਬ ਨਾਲ ਮੈਂ ਪੰਜਤਾਲੀ ਸਾਲ ਦਾ ਹਾਂ। ਤੂੰ ਮੈਨੂੰ ਕੁੱਤਾ ਸਮਝਦਾ ਹੀ ਨਹੀਂ ਸਗੋਂ ਮੈਨੂੰ ਵੀ ਯਕੀਨ ਕਰਾ ਰਿਹਾ ਹੈਂ ਤੇ ਮੈਂ ਆਪਣੇ ਆਪ ਨੂੰ ਕੁੱਤਾ ਹੀ ਸਮਝਣ ਲੱਗ ਪਿਆ ਹਾਂ।"ਇਤਨਾ ਕਹਿਕੇ ਨਵੀ ਨੇ ਫਟੇ ਹੋਏ ਪੋਸਟਰ ਇਕੱਠੇ ਕੀਤੇ ਤੇ ਪੌੜੀਆਂ ਉਤਰ ਗਿਆ। ਮਗਰੇ ਮਗਰ ਮਨੂ ਵੀ ਵੱਡੀ ਸਾਰੀ 'ਹੂੰ' ਕਹਿਕੇ ਨਵੀ ਦੇ ਮਗਰ ਉਤਰ ਗਈ। ਬਾਕੀ ਬਚਿਆ ਮੈਂ ਤੇ ਮੇਰਾ ਸਪੁੱਤਰ ਪੰਮੀ। ਮੈਂ ਅਜੇ ਸੋਚ ਹੀ ਰਿਹਾ ਸੀ ਜਦੋਂ ਪੰਮੀ ਵੀ ਵਾਕ-ਆਊਟ ਕਰਕੇ ਵਿਰੋਧੀ ਧਿਰ ਵਿਚ ਸ਼ਾਮਲ ਹੋ ਗਿਆ। ਮੈਂ ਇੱਕਲਾ ਹੀ ਰਹਿ ਗਿਆ।
ਦੁਨੀਆਂ ਵਿਚ ਇਕੱਲੇ ਹੀ ਆਈਦਾ ਹੈ ਤੇ ਇਕੱਲੇ ਹੀ ਜਾਈਦਾ ਹੈ। ਇਹ ਤਰਕ ਆਪਣੇ ਆਪ ਹੀ ਉਭਰਦਾ ਹੈ। ਮੇਰੇ ਕੇਸ ਵਿਚ ਵੀ ਉਭਰਿਆ। ਮੈਂ ਸੁਣਿਆ, ਨਵੀ ਸੋਸ਼ਲ ਵਰਕਰ ਨਾਲ ਫੋਨ ਤੇ ਹਾਊਸਿੰਗ ਬਾਰੇ ਕੋਈ ਵਿਚਾਰ ਵਿਮਰਸ਼ ਕਰ ਰਿਹਾ ਸੀ। ਮੈਂ ਆਪਣੇ ਆਪ ਨੂੰ ਧੱਕ ਕੇ ਪਰ੍ਹਾਂ ਕੀਤਾ ਤੇ ਗੁੱਸੇ ਨਾਲ ਥਲੇ ਉਤਰਿਆ। ਭਾਂਡਿਆਂ ਵਾਲੀ ਟੋਕਰੀ ਵਿਚ ਕਾਰਨਵਾਲ ਦੀਆਂ ਫੁੱਲ-ਪਲੇਟਾਂ ਪਈਆਂ ਸਨ। ਮੇਰਾ ਦਿਲ ਕੀਤਾ ਇਹਨਾਂ ਨੂੰ ਤੋੜ ਕੇ ਆਪਣਾ ਗੁੱਸਾ ਅੱਧਾ ਕਰਾਂ ਫਿਰ ਸੋਚਿਆ ਜੇ ਇੱਕ ਪਲੇਟ ਤਿੰਨ ਡਾਲਰ ਦੀ ਵੀ ਹੋਵੇ ਤਾਂ ਸੱਤ ਪਲੇਟਾਂ ਇੱਕੀ ਡਾਲਰ ਦੀਆਂ ਹਨ ਤੇ ਜੇ ਇੱਕੀਆਂ ਵਿਚ ਤਿੰਨ ਡਾਲਰ ਹੋਰ ਪਾਈਏ ਤਾਂ ਛੱਬੀ ਔਂਸ ਦੀ ਬੋਤਲ ਆ ਜਾਂਦੀ ਹੈ। ਪਰ ਅੱਜ ਤੇ ਮੇਰੇ ਤੇ ਭੂਤ ਸਵਾਰ ਸੀ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਂ ਟੋਕਰੀ ਚੁੱਕ ਕੇ ਫ਼ਰਸ਼ ‘ਤੇ ਪਟਕ ਦਿੱਤੀ ਤੇ ਸਾਰੀਆਂ ਪਲੇਟਾਂ ਘੀਚਰ ਹੋ ਗਈਆਂ। ਮੈਂ ਘਰ ਵਿਚ ਜੰਗ ਦਾ ਐਲਾਨ ਕਰ ਦਿੱਤਾ ਸੀ। ਮੈਨੂੰ ਪਤਾ ਹੀ ਸੀ ਕਿ ਅੱਗੋਂ ਕੀ ਹੋਣਾ ਹੈ। ਇਹ ਹਮੇਸ਼ਾਂ ਇੱਕ ਤਰਫ਼ਾ ਗੋਲੀਬਾਰੀ ਹੀ ਹੁੰਦੀ ਸੀ। ਆਸ ਮੁਤਾਬਕ ਮੈ ਸੋਫੇ ਤੇ ਬੈਠ ਕੇ ਸੋਚਿਆ ਕਿ ਮਨੂ ਹੁਣੇ ਪਾਣੀ ਦਾ ਗਲਾਸ ਲੈ ਕੇ ਆਵੇਗੀ। ਨਿਆਣਿਆਂ ਨੂੰ ਝਿੜਕੇਗੀ। ਨਿਆਣੇ ਮੇਰੇ ਕੋਲ ਆਉਣਗੇ। 'ਸੌਰੀ ਡੈਡ' ਕਹਿਣਗੇ। ਫਿਰ ਮੇਰੀਆਂ ਅੱਖਾਂ ਵਿਚ ਆਏ ਅੱਥਰੂ ਵੇਖਕੇ ਮਨੂ ਵੀ ਰੋਣ ਲੱਗ ਪਵੇਗੀ ਤੇ ਪੰਮੀ ਛੋਟੇ ਨਵੀ ਨੂੰ ਝਿੜਕੇਗਾ। ਨਵੀ ਫਿਰ ਨਵੇਂ ਸਿਰਿਉਂ ਸੌਰੀ ਕਹੇਗਾ। ਤੇ ਮੈਂ ਉਸਨੂੰ ਜੱਫੀ ਪਾ ਲਵਾਂਗਾ।
ਪਰ ਐਸਾ ਕੁਝ ਵੀ ਨਹੀਂ ਹੋਇਆ। ਪਲੇਟਾਂ ਦੀਆਂ ਕਿਰਚਾਂ ਲਿਵ-ਰੂਮ ਤੱਕ ਆਈਆਂ ਪਈਆਂ ਸਨ। ਦੋਵੇਂ ਨਿਆਣੇਂ ਪੌੜੀਆਂ ਚੜ੍ਹ ਗਏ ਤੇ ਮਨੂ ਵੀ ਫੋਨ ਲੈ ਕੇ ਉਪਰ ਚਲੇ ਗਈ। ਮੇਰੇ ਵਾਸਤੇ ਇਹ ਨਵੀਂ ਗੱਲ ਸੀ। ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਬਿਨ੍ਹਾਂ ਆਪਸ ਵਿਚ ਬੋਲਿਆਂ ਤਿੰਨੇ ਹੀ ਉਹ ਕਰ ਰਹੇ ਸਨ ਜੋ ਪਹਿਲਾਂ ਨਹੀਂ ਹੋਇਆ ਸੀ। ਮੈਨੂੰ ਲੱਗਾ ਇਹ ਤੇ ਕੋਈ ਪਹਿਲਾਂ ਹੀ ਸਾਜਿਸ਼ ਕੀਤੀ ਗਈ ਹੈ। ਲਗਦਾ ਸੀ ਉਹਨਾਂ ਐਸੇ ਜੰਗੀ ਹਾਲਾਤ ਵਿਚ ਕੀ ਕਰਨਾ ਹੈ, ਇਸਦਾ ਕੋਈ ਤੋੜ ਲੱਭ ਲਿਆ ਸੀ। ਚਾਹੀਦਾ ਤਾਂ ਇਹ ਸੀ ਕਿ ਮਨੂ ਬਰੂਮ ਲੈਕੇ ਉਹ ਕਿਰਚਾਂ ਹੂੰਝ ਕੇ ਗਾਰਬੇਜ਼ ਵਿਚ ਸੁੱਟਦੀ। ਆਖਰ ਘਰ ਦੀ ਸਫਾਈ ਕਰਨਾ ਉਸਦਾ ਹੀ ਤੇ ਕੰਮ ਸੀ। ਹੁਣ ਮੈਨੂੰ ਨਿਆਣਿਆਂ ਨਾਲੋਂ ਵੱਧ ਗੁੱਸਾ ਮਨੂ ਤੇ ਆ ਰਿਹਾ ਸੀ ਤੇ ਗੁੱਸੇ ਵਿਚ ਹੀ ਮੈ ਕਿਚਨ ਵਿਚ ਗਿਆ ਤੇ ਇੱਕ ਲੰਡੂ ਜਿਹਾ ਪੈਗ ਬਣਾ ਕੇ ਪੀ ਲਿਆ ਤੇ ਫਿਰ ਇਕ ਹੋਰ ਸੁੱਟ ਲਿਆ।
ਵਾਪਸ ਲਿਵ-ਰੂਮ ਆਉਂਣ ਤੱਕ ਮੈਨੂੰ ਨਸ਼ਾ ਵੀ ਹੋ ਗਿਆ ਸੀ ਤੇ ਮੇਰੇ ਪੈਰ 'ਚ ਕੋਈ ਕਿਰਚ ਵੀ ਚੁੱਭ ਗਈ ਸੀ ਤੇ ਪੈਰ ਵਿਚੋਂ ਪਰਲ ਪਰਲ ਖੂਨ ਵੱਗ ਕੇ ਰੱਗ ਤੇ ਲਹੂ ਦੇ ਨਿਸ਼ਾਨ ਬਣ ਰਹੇ ਸਨ। ਮਨੂ ਦੀ ਬਗਾਵਤ ਨੇ ਮੈਨੂੰ ਗੁੱਸਾ ਵੀ ਬਹੁਤ ਚੜ੍ਹਾ ਦਿੱਤਾ ਸੀ। ਮੈ ਸੋਫ਼ੇ ਦੀਆਂ ਗਦੀਆਂ ਚੁੱਕ ਕੇ ਲਿਵ-ਰੂਮ ਵਿਚ ਖਿਲਾਰ ਦਿੱਤੀਆਂ। ਹਰ ਹਰਕਤ ਨਾਲ ਮੈ ਮਨੂ ਨੂੰ ਇੱਕ ਮੌਕਾ ਹੋਰ ਦੇ ਰਿਹਾ ਸੀ। ਮੈਂ ਇੱਕ ਹੱਲਾ ਕਿਚਨ ਵੱਲ ਹੋਰ ਮਾਰਿਆ ਤੇ ਖ਼ੂਨ ਦੇ ਨਿਸ਼ਾਨ ਚਾਰੇ ਪਾਸੇ ਫੈਲ ਗਏ, ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਸਾਕਾ ਹੋਕੇ ਹਟਿਆ ਹੋਵੇ। ਵਾਲ ਤਾਂ ਮੇਰੇ ਬਚਪਨ ਤੋਂ ਹੀ ਪਰਾਲੀ ਨਾਲ ਮਿਲਦੇ ਜੁਲਦੇ ਸਨ ਜਿਨ੍ਹਾਂ ਨੂੰ ਮੈਂ ਕਦੇ ਕਦੇ ਲੋੜ ਅਨੁਸਾਰ ਹੋਰ ਵੀ ਡਰਾਉਣੇ ਕਰ ਲੈਂਦਾ ਸੀ। ਮੈਂ ਵਗਦੇ ਖ਼ੂਨ ਵਿਚ ਉਂਗਲ ਲਬੇੜ ਕੇ ਮੱਥੇ ਤੇ ਟਿੱਕਾ ਲਾ ਲਿਆ।
ਮੈਂ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਡਰਾਮੇ ਤਾਂ ਸਾਰੇ ਫੇਲ੍ਹ ਹੋ ਰਹੇ ਸਨ। ਲੜਾਈ ਬੱਚਿਆਂ ਦੀ ਨਹੀਂ ਰਹਿ ਗਈ ਸੀ। ਹੁਣ ਤੇ ਮੈਨੂੰ ਯਾਦ ਹੀ ਨਹੀਂ ਸੀ ਕਿ ਗੱਲ ਸ਼ੁਰੂ ਕਿੱਥੋਂ ਹੋਈ ਸੀ।
ਉਤੋਂ ਮੈਨੂੰ ਨਵੀ ਦੀ ਅਵਾਜ਼ ਸੁਣਾਈ ਦਿੱਤੀ, "ਉਹ ਕਹਿ ਰਿਹਾ ਸੀ ਇਹ ਤਾਂ ਜ਼ਿਆਦਾ ਹੀ ਭੂਤਰ ਗਿਆ, ਹੁਣ ਕੀ ਕਰੀਏ?"
ਹੁਣ ਤੇ ਫੌਜਾਂ ਦੋਵੇਂ ਪਾਸੇ ਡੱਟ ਗਈਆਂ ਸਨ। ਮੈਂ ਤਾਂ ਪੰਜ ਸੱਤ ਗੋਲੇ ਦਾਗ ਹੀ ਚੁੱਕਿਆ ਸੀ ਪਰ ਸੋਚ ਰਿਹਾ ਸੀ ਕਿ ਮਨੂ ਕੋਲ ਕਿਹੜੀ ਮਿਜ਼ਾਇਲ ਹੈ? ਤੇ ਹੁਣ ਉਹ ਕਿਹੜੀ ਯੁੱਧ-ਨੀਤੀ ਅਪਣਾਇਗੀ? ਉਸਦੀ ਨੀਤੀ ਸਮਝਣ ਲਈ ਮੈਂ ਸੋਚਿਆ ਕਿਉਂ ਨਾ ਟੈਲੀਵੀਯਨ ਦੀ ਬਲੀ ਦਿੱਤੀ ਜਾਵੇ। ਉਂਝ ਵੀ ਇਹ ਹੁਣ ਪੁਰਾਣਾ ਹੋ ਗਿਆ ਹੈ। ਅੱਜਕਲ ਤਾਂ ਨਵੇਂ ਮਾਡਲ ਆ ਗਏ ਹਨ। ਹਲਕੇ ਫੁਲਕੇ ਭਾਵੇਂ ਕੰਧ ਨਾਲ ਟੰਗ ਲਵੋ।ਇਹ ਮੈਂ ਪੰਦਰਾਂ ਸਾਲ ਪਹਿਲਾਂ ਖਰੀਦਿਆ ਸੀ। ਖ਼ਰੀਦਿਆ ਕਾਹਨੂੰ ਸੀ ਇਹ ਮੈ ਮਨੂ ਨੂੰ ਉਹਦੇ ਜਨਮ-ਦਿਨ ਤੇ ਗਿਫਟ ਦਿੱਤਾ ਸੀ। ਉਹ ਵੀ ਕਿਤਨੇ ਹੁਸੀਨ ਦਿਨ ਸਨ। ਅਸੀਂ ਲੌਂਗ-ਡਰਾਈਵ ਤੇ ਦੂਰ ਦੂਰ ਮਾਲਾਂ ਵਿਚ ਸੇਲ ਵੇਖਣ ਜਾਂਦੇ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰਾ ਤੇਤੀਵਾਂ ਬਰਥ-ਡੇ ਸੀ ਤਾਂ ਮਨੂ ਨੇ ਮੈਨੂੰ ਸੋਫਾ-ਸੈੱਟ ਗਿਫਟ ਦਿੱਤਾ ਸੀ। ਪਰ ਮੈਂ ਉਸਦੇ ਪਿਆਰ ਦੀ ਕਦਰ ਨਹੀਂ ਕੀਤੀ ਤੇ ਇਸ ਤਰ੍ਹਾਂ ਹੀ ਗੁੱਸੇ ਵਿਚ ਆ ਕੇ ਦੋ ਸਾਲ ਪਹਿਲਾਂ ਮੈਂ ਸੋਫਾ-ਸੈੱਟ ਹੀ ਤੋੜ ਸੁੱਟਿਆ ਸੀ। ਉਂਝ ਤਾਂ ਉਹ ਹੰਢ ਗਿਆ ਸੀ ਪਰ ਫਿਰ ਵੀ ਗਿਫਟ ਤਾਂ ਗਿਫਟ ਹੀ ਹੁੰਦਾ ਹੈ। ਕਦੇ ਕਦੇ ਮੈਂ ਜ਼ਿਆਦਾ ਹੀ ਵਧੀਕੀ ਕਰ ਜਾਂਦਾ ਹਾਂ ਪਰ ਬਾਅਦ ਵਿਚ ਪਛਤਾਉਂਣਾ ਪੈਂਦਾ ਹੈ। ਮਨੂ ਵੀ ਅਖੀਰ ਵਿਚ ਸੌਰੀ ਆਖ ਕੇ ਸਾਰ ਲੈਂਦੀ ਸੀ। ਪਰ ਅੱਜ ਕੀ ਹੋ ਗਿਆ?


ਨਵੀ ਨਾਲ ਮੈਂ ਜਿਤਨੀ ਮਰਜ਼ੀ ਕੁੱਤੇ-ਖਾਣੀ ਕਰਾਂ ਪਰ ਉਹਨੂੰ ਮੈਂ ਕੁੱਤਾ ਤੇ ਕਦੇ ਵੀ ਨਹੀਂ ਕਿਹਾ ਫਿਰ ਅੱਜ ਉਹ ਆਪਣੀ ਉਮਰ ਨੂੰ ਕੁੱਤਿਆਂ ਦੇ ਗਜ਼ ਨਾਲ ਕਿਉਂ ਮਾਪਣ ਲੱਗ ਪਿਆ? ਮੈਂ ਕੰਨਫਿਊਜ਼ ਹੋ ਗਿਆ। ਮੈ ਸਾਰਾ ਕੁਝ ਛੰਡ ਕੇ ਅਗਲੇ ਪੈਂਤੜੇ ਬਾਰੇ ਸੋਚਣਾ ਸ਼ੁਰੂ ਕੀਤਾ। ਇੱਕ ਦਿਲ ਕਰੇ ਕਿ ਬਰੂਮ ਚੁੱਕ ਕੇ ਕਿਰਚਾਂ ਇਕਠੀਆਂ ਕਰਾਂ ਪਰ ਇਸਤਰ੍ਹਾਂ ਤਾਂ ਮੈਂ ਲੜਨ ਤੋਂ ਬਗੈਰ ਹੀ ਯੁੱਧ ਹਾਰ ਜਾਵਾਂਗਾ। ਆਪਣੀ ਖ਼ਾਨਦਾਨੀ ਗੈਰਤ ਨੂੰ ਕਲੰਕਿਤ ਕਰਕੇ ਮੈਂ ਆਪਣਾ ਬਜ਼ੁਰਗਾਂ ਨੂੰ ਕੀ ਮੂੰਹ ਦਿਖਾਵਾਂਗਾ ਜੋ ਮੇਰੇ ਅੰਦਰ ਕੁਰਬਲ ਕੁਰਬਲ ਕਰ ਰਹੇ ਸਨ। ਹੁਣ ਮੇਰਾ ਸਾਰਾ ਧਿਆਨ ਟੈਲੀਵਿਯਨ ਵੱਲ ਸੀ। ਅਚਾਨਕ ਮੈਨੂੰ ਲੱਗਾ ਜਿਵੇਂ ਮੈਂ ਆਪਣੀ ਖ਼ਾਨਦਾਨੀ ਜ਼ਮੀਨ ਵਿਚ ਡਰਨਾ ਬਣ ਕੇ ਖੜਾ ਹੋਵਾਂ ਤੇ ਇਹ ਜਨੌਰ ਸਾਡੀ ਫ਼ਸਲ ਨੂੰ ਠੂੰਗੇ ਮਾਰ ਰਹੇ ਹੋਣ। ਆਸੇ ਪਾਸੇ ਖਿੱਲਰੀਆਂ ਮੇਰੀਆਂ ਬਾਹਵਾਂ ਇਹਨਾਂ ਜਨੌਰਾਂ ਨੂੰ ਉਡਾਉਣ ਲਈ ਕਿਸੇ ਨਵੀਂ ਤਾਕਤ ਬਾਰੇ ਸੋਚ ਰਹੀਆਂ ਹੋਣ। ਮੇਰੇ ਮੂੰਹ ਵਿਚ ਠੋਸੀ ਲੰਬੀ ਕਾਲੀ ਜ਼ੁਬਾਨ ਤੇ ਜਨੌਰ ਵਿੱਠਾਂ ਕਰ ਰਹੇ ਹੋਣ। ਡਰਨਾ ਤਾਂ ਅਭਿਮਨਿਊ ਵਾਂਗ ਘੇਰਿਆ ਗਿਆ ਸੀ। ਜਿਉਂ ਹੀ ਮੈਂ ਆਪਣੇ ਬਾਪੂ ਅਰਜਨ ਨੂੰ ਯਾਦ ਕੀਤਾ ਬਾਹਰ ਡਰਾਈਵੇ ਤੇ ਕੋਈ ਟੈਕਸੀ ਆ ਕੇ ਖਲੋਤੀ। ਮੈਂ ਹੈਰਾਨੀ ਨਾਲ ਬਾਹਰ ਵੇਖਿਆ ਤਾਂ ਅਰਜਨ ਟੈਕਸੀ ਵਿਚੋਂ ਨਿਕਲ ਕੇ ਡਰਾਈਵਰ ਨੂੰ ਮਨੀ ਦੇ ਰਿਹਾ ਸੀ। ਉਹ ਮਾਈ ਗੌਡ! ਮੈਨੂੰ ਪਿਸ਼ਾਬ ਕਰਨ ਦਾ ਚੇਤਾ ਆ ਗਿਆ। ਮੈ ਉੱਠ ਕੇ ਵਾਸ਼-ਰੂਮ ਵੜ ਗਿਆ। ਇਤਨਾ ਸ਼ੁਕਰ ਸੀ ਪਰਮਾਤਮਾ ਦਾ ਕਿ ਮੂਤ ਪਜਾਮੇ ਵਿਚ ਨਹੀਂ ਨਿਕਲਿਆ ਸੀ। ਡੋਰ-ਬੈੱਲ ਹੋਈ ਤਾਂ ਮੈਂ ਵਾਸ਼-ਰੂਮ ਦਾ ਦਰਵਾਜ਼ਾ ਘੁੱਟ ਕੇ ਲਾ ਲਿਆ ਤੇ ਲੌਕ ਲਾ ਲਿਆ।
ਤੇ ਇਹ ਸੀ ਕੁੱਤੇ-ਟੱਬਰ ਦੀ ਮਿਜ਼ਾਇਲ। ਸਾਰੇ ਦਗੜ-ਦਗੜ ਕਰਦੇ ਥੱਲੇ ਉੱਤਰ ਆਏ। ਕਿਚਨ ਤੋਂ ਲੈ ਕੇ ਲਿਵ-ਰੂਮ ਤੱਕ ਦਾ ਹਾਲ ਇਹ ਸੀ ਜਿਵੇਂ ਕੁੱਕੜ ਦੀ ਧੌਣ ਵੱਢ ਕੇ ਛੱਡ ਦਿੱਤਾ ਹੋਵੇ। ਜਗ੍ਹਾ ਜਗ੍ਹਾ ਖ਼ੂਨ ਦੇ ਨਿਸ਼ਾਨ। ਮਨੂ ਅਰਜਨ ਨੂੰ ਮੌਕਾ-ਏ-ਵਾਰਦਾਤ ਦਿਖਾ ਰਹੀ ਸੀ। ਮੈਨੂੰ ਨਹੀਂ ਲਗਦਾ ਸੀ ਕਿ ਅਰਜਨ ਅੱਜ ਜ਼ਰਾਸੰਧ ਦੇ ਵਿਰੋਧ ਵਿਚ ਖਲੋਅ ਕੇ ਕੋਈ ਪ੍ਰਤਿਗਿਆ ਕਰੇਗਾ।
"
ਕਿੱਥੇ ਹੈ ਉਹ?" ਅਰਜਨ ਨੇ ਭੱਬਕ ਮਾਰੀ। ਮੈਂ ਟਾਇਲਟ ਸੀਟ ਤੇ ਹੋਰ ਵੀ ਸੁੰਘੜ ਗਿਆ। ਇਹ ਤੇ ਅੱਜ ਅਭਿਮਨਿਊ ਦੇ ਹੀ ਡਕਰੇ ਕਰਨ ਦੀ ਤਾਕ ਵਿਚ ਬੁੜਕਨ ਲੱਗ ਪਿਆ ਲਗਦਾ ਸੀ। ਤੀਰ-ਅੰਦਾਜ਼ ਨੇ ਆਪ ਹੀ ਅੰਦਾਜ਼ਾ ਲਾਕੇ ਵਾਸ਼-ਰੂਮ ਦਾ ਦਰਵਾਜ਼ਾ ਜ਼ੋਰ ਦੀ ਖੜਕਾਇਆ। ਮੈ ਦੋ ਕੁ ਮਿੰਟ ਹੋਰ ਲਾ ਕੇ ਡੋਰ ਖੋਲ੍ਹਿਆ। ਬਾਹਰ ਸਭ ਤੋਂ ਪਹਿਲਾਂ ਮੇਰੀ ਨਜ਼ਰ ਪੁਆੜੇ ਦੀ ਜੜ੍ਹ ਨਵੀ ਤੇ ਪਈ। ਨਵੀ ਦੀਆਂ ਅੱਖਾਂ ਵਿਚ ਤਰਸ ਸੀ। ਪਤਾ ਨਹੀਂ ਆਪਣੇ ਆਪ ਤੇ ਜਾਂ ਮੇਰੇ ਤੇ। " ਕੀ ਹੋਇਆ ਉਏ?" ਅਰਜਨ ਨੇ ਕਿਹਾ।
"
ਜੀ ਕੁਝ ਨਹੀ।" ਮੈਂ ਹਲਕਾ ਜਿਹਾ ਜੁਆਬ ਦਿੱਤਾ।
"
ਕੁਝ ਸ਼ਰਮ ਨੂੰ ਹੱਥ ਪਾ। ਹੁਣ ਬੁੱਢਾ ਤੋਤਾ ਬਣ ਗਿਆ ਹੈਂ ਕਿਉਂ ਮੇਰੀ ਦਾੜ੍ਹੀ ਰੋਲਣ ਨੂੰ ਲੱਕ ਬੰਨ੍ਹਿਆ ਈ।"ਮੈ ਚੁੱਪ ਕਰਕੇ ਸੋਫੇ ਤੇ ਬੈਠ ਗਿਆ ਤੇ ਮਨੂ ਸਾਰੀ ਗੱਲ ਦੱਸਣ ਲੱਗ ਪਈ। ਅਖੀਰ ਤੇ ਉਸਨੇ ਨਿਚੋੜ ਕੱਢਦਿਆਂ ਕਿਹਾ, "ਇਹ ਵੀ ਕੋਈ ਤਰੀਕਾ ਹੈ ਨਿਆਣੇ ਪਾਲਣ ਦਾ?" ਨਵੀ ਦੀਆਂ ਸਾਰੀਆਂ ਗੱਲਾਂ ਹੀ ਗੋਲ ਕਰ ਗਈ। ਮੈਂ ਵੀ ਨਵੀ ਬਾਰੇ ਦੜ ਵੱਟ ਲਈ ਤੇ ਸਾਰਾ ਇਲਜ਼ਾਮ ਮੇਰੇ ‘ਤੇ ਹੀ ਆ ਗਿਆ। ਮੈਨੂੰ ਲਗਦਾ ਸੀ ਕਿ ਇਸ ਦੁਨੀਆਂ ਵਿਚ ਮੇਰਾ ਕੋਈ ਵੀ ਨਹੀਂ ਹੈ। ਮੈਂ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਸਿਰਫ਼ ਤੇ ਸਿਰਫ਼ ਆਪਣੀ ਜ਼ਿੰਦਗੀ ਹੀ ਜੀਵਾਂਗਾ। ਝਾੜ-ਝੰਭ ਦਾ ਜੇ ਨਵੀ ਤੇ ਕੋਈ ਅਸਰ ਨਹੀਂ ਸੀ ਤੇ ਮੈਂ ਵੀ ਘੇਸਲ਼ ਮਾਰ ਕੇ ਅਰਜਨ ਦੇ ਸਾਰੇ ਤੀਰ ਆਪਣੇ ਉਪਰੋਂ ਹੀ ਲੰਘਾ ਦਿੱਤੇ। ਅਰਜਨ ਨੇ ਵੀ ਆਪਣੇ ਤੀਰਾਂ ਦੀ ਥੋੜੀ ਬਹੁਤ ਪ੍ਰੈਕਟਿਸ ਕੀਤੀ ਤੇ ਆਪਣੇ ਰਾਹ ਪੈ ਗਿਆ।


******


ਚਲਦਾ


ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਚੌਥਾ

ਡਰਨੇ ਦੀ ਮੌਤ
ਕਹਾਣੀ


ਭਾਗ ਚੌਥਾ



ਮੈਂ ਆਪਣੇ ਆਪ ਨੂੰ ਕਿਹਾ, 'ਮੈਂ ਨਿਰਾਸ਼ ਵੀ ਨਹੀਂ ਹਾਂ।' ਕਹਿੰਦੇ ਹਨ ਕਿ ਜ਼ਿੰਦਗੀ ਵਿਚ ਹਰ ਇੱਕ ਨੂੰ ਇੱਕ ਮੌਕਾ ਮਿਲਦਾ ਹੈ, ਖ਼ੁਸ਼ ਹੋਣ ਦਾ। ਮੈਨੂੰ ਮੌਕਾ ਮਿਲਿਆ ਹੋਇਆ ਹੈ। ਡਰਨੇ ਦੀਆਂ ਵੀ ਹੁਣ ਜੜ੍ਹਾਂ ਲੱਗਣਗੀਆਂ। ਹੁਣ ਇਹ ਸੋਚਣ ਦਾ ਮੌਕਾ ਨਹੀਂ ਹੈ ਕਿ ਡਰਨੇ ਨੂੰ ਜ਼ਮੀਨ ਵਿਚ ਸ਼ੇਰ ਨੇ ਗੱਡਿਆ ਹੈ ਜਾਂ ਕਿਸਾਨ ਨੇ। ਸ਼ੇਰ ਨੇ ਤਾਂ ਮੈਨੂੰ ਗੱਡ ਕੇ ਇਹ ਨਿਸ਼ਾਨਦੇਹੀ ਕੀਤੀ ਹੈ ਕਿ ਇਸ ਤੋਂ ਅੱਗੇ ਮੇਰਾ ਜੰਗਲ ਹੈ। ਕਿਸਾਨ ਨੇ ਮੈਨੂੰ ਗੱਡ ਕੇ ਆਪਣੀ ਜ਼ਮੀਨ ਦੀ ਮਲਕੀਅਤ ਦਾ ਐਲਾਨ ਕੀਤਾ ਹੋਇਆ ਹੈ। ਮੇਰਾ ਕੰਮ ਤਾਂ ਪਟਵਾਰੀਆਂ ਵਾਲਾ ਹੋ ਗਿਆ ਪਰ ਸਹੂਲਤਾਂ ਮੈਨੂੰ ਉਹਦੀਆਂ ਵੀ ਨਹੀਂ ਮਿਲ ਰਹੀਆਂ। ਮੈਂ ਜੰਮਿਆਂ ਨਹੀਂ ਹਾਂ, ਨਾਂ ਹੀ ਮੈਂ ਉੱਗਿਆ ਹਾਂ। ਮੈਂ ਤਾਂ ਬਣਾਇਆ ਗਿਆ ਹਾਂ। ਹਰ ਇੱਕ ਨੇ ਆਪੋ ਆਪਣੀ ਸਹੂਲੀਅਤ ਲਈ ਮੈਨੂੰ ਸਜਾਇਆ ਹੋਇਆ ਹੈ। ਪਰ ਫਿਰ ਵੀ ਇੱਕ ਸੁਆਲ ਤਾਂ ਡਰਨੇ ਵਾਂਗ ਖ਼ਲਾਅ ਵਿਚ ਖਲੋਤਾ ਹੀ ਹੋਇਆ ਹੈ। ਜੇ ਮੈਂ ਬੇਜਾਨ ਹਾਂ ਤਾਂ ਇਹ ਬੱਚੇ ਕਿਥੋਂ ਆਏ?ਮੇਰੀ ਖ਼ਾਨਦਾਨੀ ਗੁੰਡਾਗਰਦੀ ਇਹਨਾਂ ਵਿਚ ਕਿਤੇ ਨਾ ਕਿਤੇ ਤਾ ਸੰਚਾਰ ਕਰਦੀ ਹੀ ਹੋਵੇਗੀ। ਪਹਿਲਾਂ ਮੈਂ ਬਾਪ ਕੋਲੋਂ ਡਰਦਾ ਸੀ ਫਿਰ ਮੈਂ ਸਮਾਜ ਕੋਲੋਂ ਡਰਨ ਲੱਗ ਪਿਆ। ਅੱਜ ਮੈਨੂੰ ਮਨੂ ਨੇ ਡਰਾ ਲਿਆ। ਬੱਚਿਆਂ ਨੇ ਭਾਵੇਂ ਮੈਨੂੰ ਆਪ ਨਹੀਂ ਡਰਾਇਆ ਪਰ ਫਿਰ ਵੀ ਇਹ ਸਹਿਮ ਮੇਰੇ ਵਿਚ ਕਿੱਥੋਂ ਆਇਆ? ਅਜੇ ਕੱਲ੍ਹ ਦੀ ਗੱਲ ਹੈ ਮੈਂ ਨਵੀ ਨੂੰ ਉਸਦੇ ਕਮਰੇ ਵਿਚ ਸੈਂਡਵਿਚ ਦੇ ਕੇ ਅੱਧੀਆਂ ਪੌੜੀਆਂ ਉੱਤਰ ਚੁੱਕਾ ਸੀ ਜਦੋਂ ਨਵੀ ਨੇ ਅਵਾਜ਼ ਮਾਰੀ।
ਮੈਂ ਪੌੜੀਆਂ ਚੜ੍ਹ ਕੇ ਉਸਦੀ ਗੱਲ ਸੁਣਨ ਗਿਆ, "ਡੈਡ ਪਲੀਜ਼ ਕਲੋਜ਼ ਮਾਈ ਡੋਰ।" ਮੈਂ ਚੁੱਪ-ਚਾਪ ਡੋਰ ਬੰਦ ਕਰ ਦਿੱਤੀ।
ਕਿਤੇ ਨਾ ਕਿਤੇ ਤਾਂ ਕੋਈ ਬੀਜ ਪੁੰਗਰ ਰਿਹਾ ਸੀ।
ਮੈਂ ਸੋਸ਼ਲ ਵਰਕਰ ਨਾਲ ਵੀ ਗੱਲ ਕਰਕੇ ਵੇਖ ਲਈ ਹੈ। ਪੜ੍ਹਿਆ ਲਿਖਿਆ ਪੰਜਾਬੀ ਸੋਸ਼ਲ ਵਰਕਰ ਨੇ ਮੇਰੀ ਸਾਰੀ ਗੱਲ ਧਿਆਨ ਨਾਲ ਸੁਣੀ। ਉਸਨੇ ਜਿਹੜੀ ਸਲਾਹ ਦਿੱਤੀ ਉਹ ਬੜੀ ਨੇਕ ਸੀ। ਬੱਚਿਆਂ 'ਚ ਡਸਿਪਲਨ ਲਿਆਉ। ਉਹਨਾਂ ਦੇ ਹੋਮ-ਵਰਕ ਦਾ ਟਾਈਮ ਨਿਯਮਤ ਕਰੋ। ਟੈਲੀਵੀਯਨ ਉਦੋਂ ਹੀ ਦੇਖਣ ਜਦੋਂ ਹੋਮ-ਵਰਕ ਖ਼ਤਮ ਕਰ ਲੈਂਣ, ਉਹ ਵੀ ਅੱਧੇ ਘੰਟੇ ਲਈ। ਪੂਰੇ ਨੌ ਵਜੇ ਬੈੱਡ ਤੇ ਪੈ ਜਾਣ। ਸਵੇਰੇ ਟਾਈਮ ਸਿਰ ਉੱਠਣ। ਸ਼ਾਵਰ ਲੈਣ ਤੋਂ ਬਾਅਦ ਉਹਨਾਂ ਦੀਆ ਖੁੱਚਾਂ ਚੈੱਕ ਕਰੋ। ਉਹਨਾਂ ਦਾ ਬੈਕ-ਪੈਕ ਚੈੱਕ ਕਰੋ। ਕਦੇ ਕਦੇ ਸਕੂਲ ਜਾ ਕੇ ਉਹਨਾਂ ਦਾ ਲੌਕਰ ਚੈੱਕ ਕਰੋ। ਉਨ੍ਹਾਂ ਦੇ ਦੋਸਤ ਕੌਣ ਹਨ ਇਸਦਾ ਧਿਆਨ ਕਰੋ। ਦੋਸਤਾਂ ਦੇ ਪਰਿਵਾਰ ਕਿਹੋ ਜਿਹੇ ਹਨ। ਬਾਹਰ ਬਿਨ੍ਹਾਂ ਮਤਲਬ ਘੁੰਮਣ-ਫਿਰਨ ਨਾ ਜਾਣ। ਘਰ ਵਿਚ ਪੰਜਾਬੀ ਬੋਲੋ ਤੇ ਉਹਨਾਂ ਨਾਲ ਪੰਜਾਬੀ ਹੀ ਬੋਲੋ। ਆਪਣੇ ਸਭਿਆਚਾਰ ਨਾਲ ਜੋੜੋ। ਇੱਕ ਡਿਸਟੈਂਸ ਬਣਾ ਕੇ ਰੱਖੋ।
"
ਪਰ ਭਾਜੀ ਉਹ ਪੰਜਾਬੀ ਤਾਂ ਕੀ ਮੇਰੇ ਨਾਲ ਅੰਗਰੇਜ਼ੀ ਵਿਚ ਵੀ ਨਹੀਂ ਬੋਲਦੇ। ਕੀ ਤੁਹਾਡੇ ਨਿਆਣੇ ਬੋਲਦੇ ਹਨ?"
"
ਬੋਲਦੇ ਸੀ"
"
ਕੀ ਮਤਲਬ" ਮੈ ਪੁੱਛਿਆ।
"
ਮੇਰਾ ਦੋ ਸਾਲ ਪਹਿਲਾਂ ਡਾਇਵੋਰਸ ਹੋ ਚੁੱਕਾ ਹੈ।"
"
ਯੂ ਮੀਨ ਤਲਾਕ।"
"
ਹਾਂ ਬਾਈ ਜੀ।"
ਸੋਸ਼ਲ ਵਰਕਰ ਦੀਆਂ ਗੱਲਾਂ ਤਾਂ ਸਿਆਣੀਆਂ ਸਨ ਪਰ ਮੇਰੇ ਲੱਖ ਕੋਸ਼ਿਸ਼ ਕਰਨ ਤੇ ਵੀ ਕਾਮਯਾਬ ਨਹੀਂ ਹੋਈਆਂ। ਕਾਮਯਾਬ ਕਿੱਥੇ ਹੋਣੀਆਂ ਸਨ ਮੈਂ ਆਪ ਹੀ ਘਰ ਵਿਚ ਮਿਲਟਰੀ-ਰਾਜ ਨਹੀਂ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਜੋ ਬਚਪਨ ਵਿਚ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਬੱਚਿਆਂ ਨਾਲ ਨਾ ਵਾਪਰੇ। ਫਿਰ ਵੀ ਜਕੋ-ਤੱਕੀ ਕਰਦਿਆਂ ਕਦੇ ਉਹਨਾਂ ਨੂੰ ਗੁਰਦੁਆਰੇ ਲੈ ਜਾਂਦਾ ਤੇ ਕਦੇ ਹਿੰਦੀ ਮੂਵੀ ਦਿਖਾਉਂਣ ਲੈ ਜਾਂਦਾ। ਮੈਂ ਮਹਿਸੂਸ ਕਰਦਾ ਸੀ ਕਿ ਉਹ ਦੱਬੇ-ਘੁੱਟੇ ਹੀ ਮੂਵੀ ਜਾਂਦੇ ਸਨ। ਉਹਨਾਂ ਦਾ ਧਿਆਨ ਮੂਵੀ ਵੱਲ ਘੱਟ ਤੇ ਪੌਪ-ਕਾਰਨ ਤੇ ਕੋਕ ਵੱਲ ਜ਼ਿਆਦਾ ਹੁੰਦਾ। ਇਤਨੇ ਡਾਲਰ ਟਿਕਟਾਂ ਤੇ ਖਲਰਚ ਨਹੀਂ ਹੁੰਦੇ ਸਨ ਜਿਤਨੇ ਉਹ ਪੌਪ-ਕਾਰਨ ਡੱਫ ਜਾਂਦੇ ਸਨ। ਹਾਰ ਕੇ ਮੈਂ ਇਹ ਮਹਿੰਗਾ ਸੌਦਾ ਬੰਦ ਹੀ ਕਰ ਦਿੱਤਾ। ਉਹ ਵੀ ਖ਼ੁਸ਼ ਤੇ ਮੈਂ ਵੀ ਖ਼ੁਸ਼। ਹਰ ਗੱਲ ਤੇ ਸ਼ੇਰ ਆਇਆ ਸ਼ੇਰ ਆਇਆ ਸੁਣਦਿਆਂ ਪੰਮੀ ਤੇ ਚੁੱਪ-ਗੜੁੱਪ ਗਰੇਡ ਬਾਰਾਂ ਕਰ ਗਿਆ ਪਰ ਨਵੀ ਵਾਲਾ ਗਡਾ ਫਸ ਗਿਆ ਸੀ। ਦੋ ਚਾਰ ਵਾਰ ਧੌਲ-ਧੱਫੇ ਖਾ ਕੇ ਉਹ ਨਿਡਰ ਹੋ ਗਿਆ ਤੇ ਮੈਨੂੰ ਇੰਝ ਲੱਗਾ ਜਿਵੇਂ ਮੈਂ ਐਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ ਹਾਂ। ਉਹਨੂੰ ਸੁਧਾਰਦਿਆਂ ਮੇਰੀ ਜ਼ਨਾਨੀ ਦੀ ਜ਼ਬਾਨ ਵਿਗੜ ਗਈ ਪਰ ਨਵੀ ਨਹੀਂ ਸੁਧਰਿਆ।
ਹਾਰ ਕੇ ਮੈਂ ਫੈਸਲਾ ਹੀ ਕਰ ਲਿਆ ਕਿ ਮੈਂ ਸਿਰਫ਼ ਆਪਣੇ ਲਈ ਹੀ ਜੀਣਾ ਹੈ ਤੇ ਮੇਰਾ ਧਿਆਨ ਮਿਰਚ ਵੱਲ ਚਲਾ ਗਿਆ। ਇੱਥੇ ਵੀ ਮੇਰੇ ਨਾਲ ਧੋਖਾ ਹੀ ਹੋਇਆ। ਗੱਲ ਉਹ ਨਹੀਂ ਸੀ ਜੋ ਮੈਂ ਸਮਝੀ ਬੈਠਾ ਸੀ। ਪਰ ਕੁੱਬੇ ਨੂੰ ਲੱਤ ਵੱਜ ਗਈ। ਉਸਨੂੰ ਤਲਾਸ਼ ਕਿਸੇ ਹੋਰ ਗੱਲ ਦੀ ਸੀ ਤੇ ਮੇਰੀ ਫੋਲਾ-ਫਾਲੀ ਕੁਝ ਹੋਰ ਸੀ। ਬਿਲੌਰੀ ਅੱਖਾਂ ਸ਼ੁਰੂ ਵਿਚ ਤੇ ਮੈਨੂੰ ਇੰਝ ਲੱਗੀਆਂ ਜਿਵੇਂ ਵਰਦੇ ਮੀੰਹ ਵਿਚ ਕੋਈ ਛਤਰੀ ਲੈ ਕੇ ਆ ਗਿਆ ਹੋਵੇ। ਉਸ ਦਿਨ ਦੋ ਵਜੇ ਸਨ ਤੇ ਮੈਂ ਮਿਰਚ ਨੂੰ ਪਿੱਕ ਕਰਕੇ ਨਵੀ ਦੇ ਸਕੂਲ ਦੇ ਲਾਗੇ ਪਲਾਜ਼ੇ ਵਿਚ ਦੋ ਕਾਫੀਆਂ ਲੈਕੇ ਕਾਰ ਵਿਚ ਬੈਠਾ ਮਿਰਚ ਨਾਲ ਗੱਪਾਂ ਮਾਰ ਰਿਹਾ ਸੀ ਜਦੋਂ ਕਾਰ ਦੀ ਵਿੰਡੋ ਖੜਕੀ। ਮੇਰਾ ਧਿਆਨ ਬਾਹਰ ਗਿਆ ਤੇ ਮੇਰੀ ਖਾਨਿਉਂ ਗਈ। ਨਵੀ ਆਪਣੇ ਦੋਸਤ ਨਾਲ ਬਾਹਰ ਖੜ੍ਹਾ ਸੀ। ਮੈਂ ਰੰਗੇ-ਹੱਥੀਂ ਕਾਬੂ ਆ ਗਿਆ ਸੀ। ਮੈਂ ਫਿਰ ਵੀ ਆਪਣੇ ਆਪ ਨੂੰ ਸੰਭਾਲਦਿਆਂ ਕਾਰ ਦਾ ਡੋਰ ਖੋਲ੍ਹਿਆ ਤੇ ਨਵੀ ਨੂੰ ਸਖ਼ਤ ਲਹਿਜੇ ਵਿਚ ਕਿਹਾ, "ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਤੇ ਐਸ ਵੇਲੇ ਸਕੂਲ ਹੋਣਾ ਚਾਹੀਦਾ ਸੀ, ਤੇਰਾ ਚੌਥਾ ਪੀਰਡ ਤਾਂ ਅਜੇ ਹੁਣ ਸ਼ੁਰੂ ਹੋਇਆ ਹੋਵੇਗਾ।" ਮੈਂ ਆਪਣੀ ਘੜੀ ਵੱਲ ਵੇਖ ਕੇ ਨਾਰਮਲ ਹੋਣ ਦਾ ਡਰਾਮਾ ਕੀਤਾ। ਨਵੀ ਆਪਣੇ ਅੰਦਾਜ਼ ਵਿਚ ਮੁਸਕਰਾ ਪਿਆ। ਉਸਨੇ ਮੈਨੂੰ ਕੋਈ ਜੁਆਬ ਨਾ ਦਿੱਤਾ। ਮਿਰਚ ਦਾ ਚੇਹਰਾ ਵੀ ਪੀਲਾ-ਭੂਕ ਹੋ ਗਿਆ।
"
ਇਹ ਮੇਰੀ ਦੋਸਤ ਹੈ।"
"
ਆਈ ਨੋ। ਮੈਂ ਕਦੋਂ ਕਹਿਨੈ ਤੇਰੀ ਦੁਸ਼ਮਣ ਹੈ।"ਇਹ ਕਹਿਕੇ ਨਵੀ ਨੇ ਮੇਰੀ ਫੂਕ ਕੱਢ ਦਿੱਤੀ।
"
ਤੂੰ ਸਕੂਲ ਨਹੀ ਗਿਆ?"
"
ਮੈਂ ਲਾਸਟ ਪੀਰਡ ਸਕਿਪ ਕੀਤਾ ਹੈ।" ਨਵੀ ਨੇ ਤਿੜ ਕੇ ਕਿਹਾ।
"
ਕਿਉਂ"
"
ਟੀਚਰ ਅੱਜ ਆਈ ਨਹੀ ਤੇ ਸਪਲਾਈ-ਟੀਚਰ ਮੈਨੂੰ ਪਸੰਦ ਨਹੀ।"
"
ਤੂੰ ਟੀਚਰ ਕੋਲੋਂ ਪੜ੍ਹਨਾ ਹੈ ਕਿ ਉਸਨੂੰ ਪਸੰਦ ਕਰਨਾ ਹੈ?" ਮੈਂ ਗੁੱਸੇ ਤੇ ਹੋ ਰਿਹਾ ਸੀ ਪਰ ਮੇਰੇ ਗੁੱਸੇ ਵਿਚ ਗੜ੍ਹਕਾ ਨਹੀਂ ਸੀ। ਹੋ ਵੀ ਕਿਵੇਂ ਸਕਦਾ ਸੀ।


" ਚਲ ਆ ਚਲੀਏ ਘਰ ਨੂੰ।"
"
ਨਹੀਂ ਡੈਡ ਪਹਿਲਾਂ ਤੁਸੀਂ ਆਂਟੀ ਨੂੰ ਛੱਡ ਆਉ ਫਿਰ ਮੈਨੂੰ ਆ ਕੇ ਲੈ ਜਾਇਉ।" ਇਤਨਾ ਕਹਿਕੇ ਉਹ ਬਿਨ੍ਹਾਂ ਮੇਰਾ ਉੱਤਰ ਉਡੀਕੇ ਆਪਣੇ ਦੋਸਤ ਨੂੰ ਲੈ ਕੇ ਦੂਸਰੇ ਪਾਸੇ ਤੁਰ ਪਿਆ। ਮੈਂ ਕਾਰ ਤੋਰ ਲਈ ਪਰ ਹੋਣ ਵਾਲੀ ਹੋਣੀ ਬਾਰੇ ਸੋਚ ਕੇ ਮੈਨੂੰ ਕਾਂਬਾ ਛਿੜ ਗਿਆ। ਇਹ ਮੇਰਾ ਦੁਸ਼ਮਣ ਜ਼ਰੂਰ ਹੀ ਆਪਣੀ ਮੌਮ ਨੂੰ ਦਸੇਗਾ। ਗਿਣ-ਗਿਣ ਕੇ ਬਦਲੇ ਲਵੇਗਾ। ਮੈਂ ਸੋਚਿਆ ਮੈਂ ਸਾਫ਼ ਹੀ ਮੁੱਕਰ ਜਾਵਾਂ ਤਾਂ ਚੰਗਾ ਹੈ। ਮੈਂ ਸੌਂਹ ਖਾਣ ਨੂੰ ਵੀ ਆਪਣੇ ਆਪ ਨੂੰ ਤਿਆਰ ਕਰ ਲਿਆ। ਮੇਰਾ ਮੌਨ ਵੇਖਕੇ ਮਿਰਚ ਵੀ ਘਬਰਾ ਰਹੀ ਸੀ।
"
ਹੁਣ ਕੀ ਹੋਵੇਗਾ?" ਮਿਰਚ ਬੋਲੀ।
"
ਹੁਣਾਂ ਹੁਣ ਸੱਤਾਂ ਚੁਲ੍ਹਿਆਂ ਦੀ ਸੁਆਹ। ਮੇਰੇ ਤੇ ਅੱਗੇ ਹੀ ਮਾੜੇ ਦਿਨ ਚੱਲ ਰਹੇ ਹਨ। ਉੱਤੋਂ ਤੇਰਾ ਸਿਆਪਾ ਪੈ ਗਿਆ। ਨਾ ਅੱਜ ਤੂੰ ਜ਼ਰੂਰ ਮਿਲਣਾ ਸੀ? ਫਿਰ ਨਹੀਂ ਸੀ ਕਦੇ ਮਿਲ ਹੁੰਦਾ?" ਮੈਂ ਯਭਲੀਆਂ ਮਾਰਨ ਲੱਗ ਪਿਆ।
"
ਨਾ ਮੇਰਾ ਕਿਉਂ ਸਿਆਪਾ ਹੋਵੇ, ਸਿਆਪਾ ਹੋਵੇ ਤੇਰਾ ਜਿਹੜਾ, ਵਿਆਹਾ ਵਰ੍ਹਿਆ ਦੂਜੀਆਂ ਤੀਵੀਆਂ ਨਾਲ ਤੁਰਿਆ ਫਿਰਦਾ ਹੈ।" ਮਿਰਚ ਨੇ ਵੀ ਪੱਲਾ ਝਾੜਦਿਆਂ ਕਿਹਾ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਫਿਰ ਬੋਲ ਪਈ, "ਤੈਨੂੰ ਸ਼ਰਮ ਨਹੀਂ ਆਉਂਦੀ?ਹੁਣ ਕੀ ਕਰੇਂਗਾ, ਇਹ ਤੇ ਦੱਸਦੇ?"
"
ਮੈਂ ਕੀ ਕਰਨਾ ਹੈ ਜੋ ਕਰਨਾ ਹੈ ਉਹ ਤੇ ਮੇਰੀ ਜਨਾਨੀ ਹੀ ਕਰੇਗੀ।ਸ਼ਾਇਦ ਤੇਰੇ ਘਰ ਵੀ ਫੇਰਾ ਪਾਵੇ।"
"
ਨਾ ਉਹ ਮੁਕਲਾਵੇ ਆਈ ਹੈ ਜਿਹੜਾ ਮੇਰੇ ਘਰ ਫੇਰਾ ਪਾਵੇਗੀ? ਖ਼ਬਰਦਾਰ ਜੇ ਮੇਰੇ ਘਰ ਉਸ ਪੈਰ ਵੀ ਪਾਇਆ।"
"
ਨਾ ਤੂੰ ਤੇ ਇਸ ਤਰ੍ਹਾਂ ਦਾਬੇ ਮਾਰਦੀ ਹੈਂ ਜਿਵੇਂ ਉਸਨੇ ਮੈਨੂੰ ਪੁੱਛ ਕੇ ਫੇਰਾ ਮਾਰਨਾ ਹੈ। ਮੈਨੂੰ ਕੀ ਪਤਾ ਇਹ ਤੇ ਤੁਹਾਡੀ ਜ਼ਨਾਨੀਆਂ ਦੀ ਆਪਸੀ ਲੜਾਈ ਹੈ। ਮੇਰਾ ਇਸ ਵਿਚ ਕੀ ਦੋਸ਼ ਹੈ?ਇਹ ਵੀ ਹੋ ਸਕਦਾ ਹੈ ਉਸਨੂੰ ਪਤਾ ਹੀ ਨਾ ਲੱਗੇ।"
"
ਪਤਾ ਕਿਵੇਂ ਨਾ ਲੱਗੇ ਉਹ ਤੇਰਾ ਜਣਿਆਂ ਜੋ ਦੇਖ ਕੇ ਗਿਆ ਹੈ।"
ਮੈਂ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ ਤੇ ਕਾਰ ਉਹਦੇ ਘਰ ਦੇ ਲਾਗੇ ਖਲਾਰ ਦਿੱਤੀ। ਉਹ ਚੁੱਪ ਕਰਕੇ ਉਤਰ ਗਈ। ਉਹ ਫਿਲਪਾਈਨੀ ਮਿਰਚ ਵਾਂਗ ਕੌੜਾ-ਕੌੜਾ ਝਾਕਦੀ ਆਪਣੇ ਰਾਹ ਪੈ ਗਈ। ਮੈਂ ਆਪਣਾ ਪਰਸ ਕੱਢਿਆ ਤੇ ਚੈੱਕ ਕੀਤਾ । ਉਸ ਵਿਚ ਵੀਹ ਡਾਲਰ ਦਾ ਨੋਟ ਸੀ। ਚਲੋ ਅੱਜ ਨਵੀ ਨੂੰ ਮੈਕਡੋਨਲਡ ਦੇ ਲੈ ਕੇ ਚਲਦੇ ਹਾਂ ਜੋ ਉਹ ਕਹੇਗਾ ਲੈ ਦੇਵਾਂਗਾ।
ਨਵੀ ਆਪਣੀ ਆਦਤ ਦੇ ਉਲਟ ਅੱਜ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਕਾਰ-ਪਾਰਕਿੰਗ ਵਿਚ ਖੜ੍ਹਾ ਸੀ। ਮੈਨੂੰ ਰੋਜ਼ ਵਾਂਗ ਇੰਤਜ਼ਾਰ ਨਹੀਂ ਕਰਨੀ ਪਈ। ਉਹ ਚੁੱਪਚਾਪ ਕਾਰ ਵਿਚ ਬੈਠ ਗਿਆ। ਅੱਜ ਨਾ ਤਾਂ ਉਸਨੇ ਮਿਊਜ਼ਿਕ ਲਾਇਆ ਤੇ ਨਾ ਸੈੱਲ ਮੰਗਿਆ। ਮੈਂ ਤੂਫਾਨ ਤੋਂ ਪਹਿਲਾਂ ਪੱਸਰੀ ਸ਼ਾਤੀ ਨੂੰ ਤੋੜਨਾ ਚਾਹੁੰਦਾ ਸੀ।
"
ਹੋਮ-ਵਰਕ ਮਿਲਿਆ?" ਮੈਂ ਪੁੱਛਿਆ। ਉਸਨੇ ਕੋਈ ਜੁਆਬ ਨਹੀਂ ਦਿੱਤਾ। ਮੈਂ ਦੁਬਾਰਾ ਪੁੱਛਿਆ ਤਾਂ ਉਹ ਬੋਲਿਆ, "ਵੱਟ ਅਬਾਊਟ ਯੁਅਰ ਹੋਮ-ਵਰਕ?" ਕਹਿ ਕੇ ਨਵੀ ਹੱਸ ਪਿਆ। ਮੈਂ ਮਾਮੂਲੀ ਜਿਹਾ ਸ਼ਰਮਿੰਦਾ ਹੋਕੇ ਕਿਹਾ, " ਚੱਲ ਆਪਾਂ ਅੱਜ ਮੈਕਡੋਨਲਡ ਦੇ ਚਲਦੇ ਹਾਂ।"
"
ਨਹੀਂ ਡੈਡ ਮੈਕਡੋਨਲਡ ਦੇ ਨਹੀ।"
"
ਦੇਖ ਜੋ ਤੂੰ ਦੇਖਿਆ ਹੈ ਇਹ ਕੋਈ ਸੱਚ ਨਹੀਂ। ਉਹ ਸਿਰਫ ਮੇਰੀ ਫਰੈਂਡ ਹੈ।"
"
ਤੇਰੀ ਪਤਾ ਨਹੀਂ ਕੀ ਹੈ ਪਰ ਮੇਰੇ ਲਈ ਤਾਂ ਉਹ ਟਰੰਫ-ਕਾਰਡ ਹੈ।"
ਮੈਂ ਹੱਸ ਕੇ ਕਿਹਾ, " ਚੱਲ ਤੇਰੇ ਟਰੰਫ-ਕਾਰਡ ਦੀ ਖ਼ੁਸ਼ੀ ਵਿਚ ਹੀ ਅੱਜ ਮੈਕਡੋਨਲਡ ਦੇ ਚਲਦੇ ਹਾਂ।"
"
ਨਹੀਂ ਡੈਡ ਮੈਕਡੋਨਲਡ ਦੇ ਨਹੀਂ। ਕੈਨ ਆਈ ਹੈਵ ਏ ਬੌਟਲ ਔਫ ਲਿਕਰ ਟੂਡੇ?" ਮੇਰੇ ਦਿਮਾਗ ਵਿਚ ਮਿਰਚ ਘੁਸੀ ਹੋਈ ਸੀ। ਤਰੋ-ਤਾਜ਼ਾ ਖ਼ਬਰ ਨੇ ਅਜੇ ਪਤਾ ਨਹੀਂ ਕੀ ਕਰਨਾ ਸੀ। ਜੇ ਘਰ ਵਿਚ ਇਹ ਬਰੇਕਿੰਗ ਨਿਊਜ਼ ਪਹੁੰਚ ਗਈ, ਮੇਰਾ ਕੀ ਬਣੇਗਾ? ਇਸ ਉਮਰ ਵਿਚ ਤੇ ਮੇਰਾ ਗੋਸ਼ਤ ਵੀ ਨਹੀਂ ਵਿਕਣਾ। ਮੇਰਾ ਦੁਸ਼ਮਣ ਮੇਰੇ ਕੋਲ ਬੈਠਾ ਹੁਣ ਟੂਪੈਕ ਦੀ ਕੈਸਿਟ ਸੁਣ ਰਿਹਾ ਸੀ। ਹੇ ਰੱਬ ਸਚਿਆ ਮੈਨੂੰ ਬਚਾ ਲੈ। ਤੂੰ ਤੇ ਪਾਤਸ਼ਾਹ ਕੰਧਾਰੀ ਦੇ ਪੱਥਰ ਨੂੰ ਵੀ ਰੋਕ ਦਿੱਤਾ ਸੀ। ਤੇਰੇ ਹੁਕਮ ਬਗੈਰ ਤਾਂ ਪੱਤਾ ਵੀ ਨਹੀਂ ਹਿਲ ਸਕਦਾ ਫਿਰ ਇਹ ਮਿਰਚ ਕਿੱਥੋਂ ਆ ਕੇ ਪਸਰ ਗਈ। ਮੈਂ ਤਾਂ ਹਰ ਹਫ਼ਤੇ ਪਰਿਵਾਰ ਸਮੇਤ ਗੁਰਦੁਆਰੇ ਤੇਰੇ ਦਰਬਾਰ ਵਿਚ ਹਾਜ਼ਰੀ ਲਵਾਉਂਦਾ ਹਾਂ। ਗੁਰੂ-ਘਰ ਚੜ੍ਹਾਏ ਡਾਲਰਾਂ ਦੀਆਂ ਰਸੀਦਾਂ ਮੈਂ ਕਦੇ ਵੀ ਟੈਕਸ-ਡਿਡਕਸ਼ਨ ਵਿਚ ਨਹੀਂ ਪਾਈਆਂ, ਅਸਲ ਵਿਚ ਮੈਨੂੰ ਇਹ ਚੰਗਾ ਹੀ ਨਹੀਂ ਲਗਦਾ। ਫਿਰ ਮੇਰੇ ਕੋਲੋਂ ਕੀ ਭੁੱਲ ਹੋ ਗਈ ਮੇਰੇ ਸਤਿਗੁਰੂ।
ਮੈਨੂੰ ਆਪਣੀ ਭੁੱਲ ਯਾਦ ਆਈ। ਮੈਂ ਚੁੱਪ ਹੀ ਰਿਹਾ। ਹੁਣ ਬਾਬਾ ਜੀ ਉਹ ਗੱਲ ਤਾਂ ਮਹੀਨਿਆਂ ਪੁਰਾਣੀ ਹੈ। ਬਾਬਾ ਜੀ ਨਾਲ ਗੱਲਾਂ ਕਰਦਿਆਂ ਮੈਂ ਕਈ ਗੱਲਾਂ ਬਾਰੇ ਘੇਸ ਮਾਰ ਲਈ। ਫਿਰ ਮੈਂ ਸੋਚਿਆ ਬਾਬਾ ਜੀ ਤਾਂ ਜਾਣੀ ਜਾਣ ਹਨ। ਵੈਸੇ ਉਹਦੇ ਵਿਚ ਮੇਰਾ ਬਹੁਤਾ ਕਸੂਰ ਨਹੀਂ ਸੀ। ਅਸੀਂ ਗੁਰਦੁਆਰਿਉਂ ਲੰਗਰ ਛਕ ਕੇ ਆਏ ਸੀ। ਅਨਜਾਣ-ਪੁਣੇ ਵਿਚ ਹੀ ਗ਼ਲਤੀ ਹੋ ਗਈ ਤੇ ਘਰ ਆਏ ਮਹਿਮਾਨ ਨਾਲ ਮੈਂ ਪੈਗ ਸਾਂਝਾ ਕਰ ਲਿਆ। ਪੌਣਾ ਗਲਾਸ ਪੀਕੇ ਹੀ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਸੀ। ਫਿਰ ਵੀ ਮੈਂ ਜੱਕੋ-ਤੱਕੀ ਵਿਚ ਹੀ ਗਲਾਸ ਖ਼ਾਲੀ ਕਰ ਦਿੱਤਾ। ਪਰ ਇਸ ਇੱਕ ਗ਼ਲਤੀ ਦੀ ਇਤਨੀ ਵੱਡੀ ਸਜ਼ਾ...ਜੇ ਇਹੀ ਤੇਰੀ ਦੁਨੀਆਂ ਹੈ ਤਾਂ ਮੈਂ ਤੇਰੇ ਨਾਲ ਨਰਾਜ਼ ਹਾਂ। ਫਿਰ ਮੈਨੂੰ ਖ਼ਿਆਲ ਆਇਆ ਇੱਕ ਵਾਰੀ ਤੇ ਫਿਰ ਯਾਦ ਆਇਆ ਉਦੋਂ ਵੀ...ਇਹ ਤੇ ਲੜੀ ਹੀ ਸ਼ੁਰੂ ਹੋ ਗਈ।
ਮੇਰੀਆਂ ਸੋਚਾਂ ਨੂੰ ਤੋੜਦਿਆਂ ਨਵੀ ਨੇ ਕਿਹਾ, "ਡੈਡ, ਟਰਨ ਰਾਈਟ।" ਮੈਂ ਉਸਦਾ ਮਤਲਬ ਸਮਝ ਗਿਆ। "ਪਰ ਜੇ ਤੇਰੀ ਮੌਮ ਨੂੰ ਪਤਾ ਲੱਗ ਗਿਆ ਤਾਂ ਮੇਰੀ ਛੁੱਟੀ ਹੋ ਜਾਣੀ ਹੈ।"
"
ਆਈ ਡੋਂਟ ਕੇਅਰ ਬੀ ਬਰੇਵ ਡੈਡ, ਨਹੀਂ ਪਤਾ ਲਗਦਾ। ਨਾਲੇ ਜੇ ਪਤਾ ਲੱਗ ਵੀ ਗਿਆ ਤਾਂ ਮੈਨੂੰ ਪਤਾ ਹੈ ਤੂੰ ਸੰਭਾਲ ਲੈਣਾ ਹੈ। ਪਰ ਜੇ ਕੁਝ ਕਰਨਾ ਵੀ ਪਵੇ ਤਾਂ ਮੈਨੂੰ ਪੁੱਛ ਕੇ ਕਰੀਂ। ਮੈਂ ਨਹੀਂ ਚਾਹੁੰਦਾ ਤੂੰ ਮੇਰੀ ਮੌਮ ਨੂੰ ਚੀਟ ਵੀ ਕਰੇਂ ਤੇ ਹਾਰਡ ਟਾਈਮ ਵੀ ਦੇਵੇਂ। ਮੇਰੀ ਮੌਮ ਤਾਂ ਅਫੈਨੀ ਸ਼ਕੂਰ ਵਰਗੀ ਹੈ। ਭਾਵੇਂ ਉਨ੍ਹਾਂ ਦੇ ਸੋਚਣ ਦੇ ਢੰਗ ਅਲੱਗ ਹਨ।"
"
ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਅਫੈਨੀ ਸ਼ਕੂਰ ਕੌਣ ਹੈ। ਪਰ ਫਿਰ ਸੋਚਿਆ ਨਵੀ ਕਿਤੇ ਹੋਰ ਹੀ ਕਹਾਣੀ ਨਾ ਪਾ ਬੈਠੇ। ਮੈਂ ਕਾਰ ਪਾਰਕ ਕਰ ਲਈ। ਮੈਂ ਸੋਚ ਰਿਹਾ ਸੀ ਕਿਉਂ ਨਾ ਲਿਕਰ ਲੈਣ ਤੋਂ ਪਹਿਲਾਂ ਨਵੀ ਨਾਲ ਕੋਈ ਡੀਲ ਕਰ ਲਵਾਂ। ਇਹ ਨਾ ਹੋਵੇ,ਉਧਰੋਂ ਇਹ ਪੀ ਲਵੇ ਘਰ ਵਿਚ ਪੈਜੇ ਰੌਲਾ ਤੇ ਮਿਰਚ ਦੇ ਨਾਲ ਨਾਲ ਲਿਕਰ ਸਕੈਂਡਲ ਵੀ ਤੂਲ ਫੜ ਜਾਵੇ।
"
ਦੇਖ ਨਵੀ ਉਹ ਆਂਟੀ ਮੇਰੀ ਦੋਸਤ ਹੈ। ਕੋਈ ਗਰਲ-ਫਰੈਂਡ ਨਹੀ। ਤੂੰ ਤੇ ਜਾਣਦਾ ਹੈਂ ਕਿ ਸਾਡੇ ਕਲਚਰ ਵਿਚ ਇਸ ਗੱਲ ਨੂੰ ਡਾਇਜੈਸਟ ਨਹੀਂ ਕੀਤਾ ਜਾਂਦਾ। ਤੇਰੀ ਮੌਮ ਨੂੰ ਮੈਂ ਕਿਤਨਾ ਵੀ ਸਮਝਾਵਾਂ ਕਿ ਉਸ ਆਂਟੀ ਨਾਲ ਮੇਰਾ ਕੋਈ ਚੱਕਰ ਨਹੀਂ ਉਹ ਇਤਬਾਰ ਨਹੀਂ ਕਰੇਗੀ। ਸਗੋਂ ਮੈਨੂੰ ਕਹੇਗੀ ਕਿ ਜੇ ਤੇਰਾ ਕੋਈ ਚੱਕਰ ਨਹੀਂ ਤਾਂ ਉਹਦੇ ਕੋਲੋਂ ਰੱਖੜੀ ਬੰਨ੍ਹਵਾ ਲੈ। ਹੁਣ ਤੂੰ ਹੀ ਦੱਸ ਇਹ ਕੋਈ ਚੰਗੀ ਗੱਲ ਹੈ। ਮੈਂ ਕਿਉਂ ਉਸਨੂੰ ਭੈਣ ਕਹਾਂ? ਚਲ ਜੇ ਮੈਂ ਝੂਠੀ-ਮੂਠੀ ਮੰਨ ਵੀ ਜਾਂਦਾ ਹਾਂ ਤਾਂ ਮੌਮ ਨੇ ਫਿਰ ਵੀ ਇਤਬਾਰ ਨਹੀਂ ਕਰਨਾ। ਇਸ ਲਈ ਮੈਂ ਤਾਂ ਸਿਰਫ਼ ਉਸ ਨਾਲ ਤੇਰੀਆਂ ਪਰੋਬਲਮਜ਼ ਹੀ ਡਿਸਕਸ ਕਰ ਰਿਹਾ ਸੀ। ਉਹ ਬਹੁਤ ਸਿਆਣੀ ਹੈ।"
"
ਡੈਡ ਯੂ ਆਰ ਸਟੂਪਿਡ, ਤੂੰ ਮੇਰੀਆਂ ਪਰੋਬਲਮਜ਼ ਕਿਸੇ ਬਾਹਰੀ ਔਰਤ ਨਾਲ ਕਿਉਂ ਡਿਸਕਸ ਕਰ ਰਿਹਾ ਸੀ? ਆਈ ਡੋਂਟ ਲਾਈਕ ਇਟ। ਚੱਲ ਦੂਸਰੀ ਗੱਲ ਮੈਂ ਅੰਡਰਸਟੈਂਡ ਕਰਦਾ ਹਾਂ ਕਿ ਤੇਰੀ ਕੋਈ ਦੋਸਤ ਮੌਮ ਨੂੰ ਮਨਜ਼ੂਰ ਨਹੀਂ ਮੌਮ ਵੀ ਗ਼ਲਤ ਹੈ ਪਰ ਤੂੰ ਕਾਰ ਵਿਚ ਲੁਕ ਕੇ ਕਿਉਂ ਬੈਠਾ ਸੀ? ਆਈ ਥਿੰਕ ਯੂ ਆਰ ਚੀਟਿੰਗ ਔਨ ਮੌਮ। ਜੇ ਤੇਰਾ ਹਰਟ ਸਾਫ਼ ਹੈ ਤਾਂ ਤੈਨੂੰ ਡਰ ਕਿਉਂ ਲਗਦਾ ਹੈ। ਇਹ ਘਬਰਾਹਟ ਕਿਉਂ ਹੋ ਰਹੀ ਹੈ?"
"
ਦਿਸ ਇਜ਼ ਓਨਲੀ ਡਿਊ ਟੂ ਅਡਜਸਟਮੈਂਟ।" ਮੈਂ ਹੌਲੀ ਦੇਣੀ ਕਿਹਾ।
"
ਨਹੀਂ ਇਹ ਸਿਰਫ਼ ਤੇਰੀ ਆਪਣੀ ਸੋਚੀ ਕਨਫੈਸ਼ਨ ਹੈ ਤੇ ਉਹ ਵੀ ਸ਼ੂਗਰ-ਕੋਟਿਡ। ਲੈਟਸ ਗੋ ਇੰਨਸਾਈਡ।" ਨਵੀ ਨੇ ਕਿਸੇ ਵੀ ਡੀਲ ਨੂੰ ਅੰਤਮ ਛੋਹ ਦੇਣ ਤੋਂ ਪਹਿਲਾਂ ਹੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਨਿਕਲ ਗਿਆ। ਮੈਨੂੰ ਵੀ ਉਸਦੇ ਮਗਰ ਹੀ ਉਤਰਨਾ ਪਿਆ। ਕਾਰ ਲੌਕ ਕਰਕੇ ਮੈਂ ਥੋੜਾ ਉਲਾਂਭੇ ਨਾਲ ਖਸਿਆਨਾ ਜਿਹਾ ਕਿਹਾ,"ਦਿਸ ਇਜ਼ ਇਮੋਸ਼ਨਲ ਬਲੈਕ-ਮੇਲਿੰਗ।"


*****

ਚਲਦਾ